ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ – ਸੁਰਜਨ ਜ਼ੀਰਵੀ

11ਵੀਂ ਸਦੀ ਦੇ ਈਰਾਨੀ ਕਵੀ ਉਮਰ ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ ਸ਼ ਸ਼ ਜੋਗੀ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਰਹੇ ਹਨ। ਇਹ ਪੰਜਾਬੀ ਸਾਹਿਤ ਨੂੰ ਉਹਨਾਂ ਦੀ ਅਨੂਠੀ ਦੇਣ ਹੈ-ਉਂਝ ਹੀ ਜਿਸ ਤਰ੍ਹਾਂ ਦੀ ਦੇਣ 19ਵੀਂ ਸਦੀ ਦੇ ਅੰਗ੍ਰੇਜ਼ ਕਵੀ ਐਡਵਰਡ ਫ਼ਿਟਜ਼ਜੈਰਾਲਡ ਨੇ ਫ਼ਾਰਸੀ ਦੇ ਇਸ ਮਹਾਨ ਕਵੀ ਦੇ ਅੰਗ੍ਰੇਜ਼ੀ ਤਰਜਮੇ ਨਾਲ ਅੰਗ੍ਰੇਜ਼ੀ ਸਾਹਿਤ ਨੂੰ ਦਿੱਤੀ ਸੀ।
ਫ਼ਿਟਜ਼ਜੈਰਾਲਡ ਆਪਣੇ ਵੇਲੇ ਦੇ ਮੰਨੇ ਹੋਏ ਕਵੀ ਸਨ ਪਰ ਬਾਹਰ ਦੀ ਦੁਨੀਆ ਵਿਚ ਅਤੇ ਸ਼ਾਇਦ ਆਪਣੇ ਦੇਸ਼ ਵਿਚ ਵੀ ਉਹ ਜ਼ਿਆਦਾਤਰ ਖ਼ਯਾਮ ਕਰਕੇ ਹੀ ਜਾਣੇ ਜਾਂਦੇ ਹਨ।
ਕਿਸੇ ਹੋਰ ਜ਼ਬਾਨ ਦੀ ਕਵਿਤਾ ਨੂੰ ਉਸਦੇ ਸਾਰੇ ਸੂਖਮ ਭਾਵਾਂ, ਅਲੰਕਾਰਾਂ, ਬਿੰਬਾਂ ਤੇ ਹੋਰ ਅਨੇਕ ਰੰਗਾਂ ਤੇ ਛੋਹਾਂ ਸਮੇਤ ਕਿਸੇ ਹੋਰ ਜ਼ਬਾਨ ਵਿਚ ਢਾਲਣਾ ਕੋਈ ਸੌਖੀ ਗਲ ਨਹੀਂ।ਇਹ ਆਪਣੀ ਕਿਸਮ ਦੀ ਕਲਪਣਾ, ਸ਼ਬਦਾਂ ਦੀ ਅਮੀਰੀ, ਸੰਵੇਦਨਸ਼ੀਲਤਾ ਤੇ ਸੰਜਮ ਦੀ ਮੰਗ ਕਰਦੀ ਹੈ। ਤਰਜਮਾ ਅਸਲ ਦਾ ਪਰਛਾਵਾਂ ਜਾਂ ਨਕਲ ਨਹੀਂ ਹੁੰਦਾ, ਇਹ ਪੁਨਰ-ਸਿਰਜਨਾ ਜਿਹਾ ਵਰਤਾਰਾ ਹੀ ਹੁੰਦਾ ਹੈ ਤੇ ਆਪਣੇ ਆਪ ਵਿਚ ਮੌਲਿਕ ਰਚਨਾ ਜਿਡਾ ਮੁਲ ਹੀ ਰਖਦਾ ਹੈ।ਜੇ ਉਮਰ ਖ਼ਯਾਮ ਫ਼ਿਟਜ਼ਜੈਰਾਲਡ ਦੀ ਪਛਾਣ ਦਾ ਚਿੰਨ੍ਹ ਬਣ ਚੁੱਕਾ ਹੈ ਤਾਂ ਇਸਦਾ ਕਾਰਨ ਇਹੀ ਹੈ ਕਿ ਉਹਨਾਂ ਖ਼ਯਾਮ ਨੂੰ ਅੰਗ੍ਰੇਜ਼ੀ ਜ਼ਬਾਨ ਦਾ ਵੀ ਓਨਾ ਹੀ ਉਚਾ ਰੁਬਾਈ-ਗੋ ਬਣਾ ਦਿੱਤਾ ਹੈ ਜਿੰਨਾ ਉਹ ਫ਼ਾਰਸੀ ਦਾ ਹੈ, ਹਾਲਾਂਕਿ ਰੁਬਾਈ ਪੱਛਮੀ ਸਾਹਿਤ ਦਾ ਅੰਗ ਨਹੀਂ।
ਸ਼ ਸ਼ ਜੋਗੀ ਦਾ ਤਰਜਮਾ ਆਪਣੀ ਥਾਂ ਖ਼ਯਾਮ ਨੂੰ ਪੰਜਾਬੀ ਕਵਿਤਾ ਦਾ ਹਮਸੁਖ਼ਨ ਤੇ ਪੰਜਾਬੀ ਮਨਾ ਦਾ ਮਹਿਰਮ ਬਨਾਉਣ ਦੀ ਸਮਰਥਾ ਰਖਦਾ ਹੈ। ਇਹ ਉਹਨਾਂ ਦੀ ਕਈ ਸਾਲਾਂ ਦੀ ਖ਼ਾਮੋਸ਼ ਘਾਲਣਾ ਦਾ ਸਿੱਟਾ ਹੈ। ਇਹ ਗਲ ਉਹੀ ਜਾਣਦੇ ਹਨ ਖ਼ਯਾਮ ਦੀ ਇਕ ਇਕ ਰੁਬਾਈ ਨੂੰ ਤਰਾਸ਼ਣ ਤੇ ਸਵਾਰਨ ਲਈ ਉਹਨਾਂ ਕਿੰਨੀਆਂ ਬੇਚੈਨ ਸ਼ਾਮਾਂ ਗੁਜ਼ਾਰੀਆਂ ਅਤੇ ਕਿਸੇ ਢੁਕਵੇਂ ਸ਼ਬਦ ਦੇ ਜੁਗਨੂੰ ਦਾ ਪਿਛਾ ਕਰਦਿਆਂ ਉਹਨਾਂ ਨੂੰ ਕਿੰਨੇ ਜਗਰਾਤੇ ਕਟਣੇ ਪਏ।
ਬਹੁਤੀਆਂ ਰੁਬਾਈਆਂ ਦਾ ਤਰਜਮਾ ਉਹਨਾਂ ਸਿਧਾ ਫ਼ਾਰਸੀ ਤੋਂ ਕੀਤਾ ਤੇ ਕੁਝ ਹੋਰ ਰੁਬਾਈਆਂ ਦੇ ਤਰਜਮੇ ਲਈ ਉਹਨਾਂ ਫ਼ਿਟਜ਼ਜੈਰਾਲਡ ਦੇ ਅੰਗ੍ਰੇਜ਼ੀ ਤਰਜਮੇ ਨੂੰ ਸਾਹਮਣੇ ਰਖਿਆ ਹੈ। ਪਰ ਕਿਸੇ ਵੀ ਹਾਲਤ ਵਿਚ ਉਹਨਾਂ ਰੁਬਾਈਆਂ ਦੇ ਪੰਜਾਬੀ ਰੂਪਾਂਤਰਣ ਵਿਚਲੀ ਇਕਸਾਰਤਾ ਵਿਚ ਕੋਈ ਫ਼ਰਕ ਨਹੀਂ ਆਉਣ ਦਿੱਤਾ।
ਉਹਨਾਂ ਜਿੰਨੀਆਂ ਵੀ ਰੁਬਾਈਆਂ ਨੂੰ ਪੰਜਾਬੀ ਵਿਚ ਢਾਲਿਆ ਹੈ, ਉਹਨਾਂ ਸਾਰੀਆਂ ਵਿਚ ਇਕੋ ਜਿੰਨੀ ਰਵਾਨੀ, ਚਾਸ਼ਨੀ ਤੇ ਗਹਿਰਾਈ ਮੌਜੂਦ ਹੈ। ਉਹਨਾਂ ਖ਼ਯਾਮ ਦੀ ਨਾਜ਼ਕ ਖ਼ਿਆਲੀ ਜਾਂ ਦਾਰਸ਼ਨਿਕ ਰਮਜ਼ਾਂ ਦੇ ਕਿਸੇ ਅੰਸ਼ ਨੂੰ ਗੁਆਚਣ ਨਹੀਂ ਦਿੱਤਾ ਅਤੇ ਇਹ ਕੋਈ ਸਾਧਾਰਨ ਪ੍ਰਾਪਤੀ ਨਹੀਂ।
ਉਹਨਾਂ ਦੇ ਤਰਜਮੇ ਦੀਆਂ ਕੁਝ ਵੰਨਗੀਆਂ ਹਾਜ਼ਰ ਹਨ:
ਏਨੀਆਂ ਲੰਮੀਆਂ ਵਾਟਾਂ ਦੇ ਜੋ ਪਾਂਧੀ ਹੈਸਨ ਸਾਰੇ
ਪਰਤ ਕੇ ਕੋਈ ਨਾ ਆਇਆ ਜੋ ਭੇਦਾਂ ਦਾ ਹਾਲ ਗੁਜ਼ਾਰੇ
ਰਹਿਣ ਦੇਈਂ ਨਾ ਰੀਝ ਕੋਈ ਤੂੰ ਏਸ ਸਰਾਂ ਵਿਚ ਰਹਿਕੇ
ਏਥੋਂ ਜੋ ਵੀ ਕੂਚ ਕਰ ਗਿਆ, ਮੁੜ ਨਾ ਫੇਰਾ ਮਾਰੇ
ਜਾਂ
ਰਾਹ ਵਿਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ ‘ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
ਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ
ਜਾਂ ਫਿਰ
ਜਦੋਂ ਰਾਤ ਨੇ ਚਾਦਰ ਅਪਣੀ ਦੁਨੀਆ ਤੋਂ ਖਿਸਕਾਈ
ਸੁਣਿਆਂ ਮੈਂ ਕਿ ਮੈਖ਼ਾਨੇ ‘ਚੋਂ ਇਕ ਆਵਾਜ਼ ਇਹ ਆਈ
“ਜਾਗੋ ਮੇਰੇ ਜੀਣ ਜੋਗਿਓ ਭਰ ਲਓ ਜਾਮ ਕਿ ਕਿਧਰੇ
ਜੀਵਨ ਮਧੂ ਪਿਆਲੀ ਸੁਕ ਕੇ ਪਾਟ ਨਾ ਜਾਏ ਤਿਹਾਈ”
* * *
ਇਹ ਵੇਖ ਕੇ ਹੈਰਤ ਹੁੰਦੀ ਹੈ ਕਿ 11ਵੀਂ ਸਦੀ ਦੇ ਕਵੀ ਉਮਰ ਖ਼ਯਾਮ ਦੀਆਂ ਰੁਬਾਈਆਂ ਏਨੀਆਂ ਸਦੀਆਂ ਲੰਘ ਜਾਣਦੇ ਬਾਵਜੂਦ ਵੀ ਦਿਲਾਂ ਨੂੰ ਟੂੰਬਦੀਆਂ ਤੇ ਸੋਚ ਨੂੰ ਹਲੂਣਦੀਆਂ ਹਨ।
ਸ਼ਾਇਦ ਇਸਦਾ ਕਾਰਨ ਇਹ ਹੈ ਕਿ ਉਮਰ ਖ਼ਯਾਮ ਬੇਰੂਹ ਧਾਰਮਕ ਉਪਦੇਸ਼ਾਂ ਜਾਂ ਬੋਝਲ ਸਦਾਚਾਰਕ ਵਿਖਿਆਨਾਂ ਵਿਚ ਯਕੀਨ ਨਹੀਂ ਰਖਦਾ। ਉਂਝ ਇਹ ਗੱਲ ਵੀ ਅਚੰਭੇ ਤੋਂ ਘਟ ਨਹੀਂ ਕਿ ਮਧ ਕਾਲ ਵਿਚ ਵਿਚਰਕੇ ਵੀ ਖ਼ਯਾਮ ਧਾਰਮਕ ਤੰਗਦਿਲੀ ਤੋਂ ਏਨਾ ਨਿਰਲੇਪ ਰਿਹਾ।
ਤਰਬੀਅਤ ਦੇ ਪਖੋਂ ਖ਼ਯਾਮ ਤਾਰਾ ਵਿਗਿਆਨੀ ਤੇ ਗਣਿਤ ਵਿਦਿਆ ਦਾ ਮਾਹਰ ਸੀ। ਸ਼ਾਇਦ ਏਸੇ ਵਿਗਿਆਨਕ ਸੂਝ ਕਰਕੇ ਹੀ ਚੇਤੰਨ ਸੋਚ ਤੇ ਆਜ਼ਾਦ ਖ਼ਿਆਲੀ ਜਿਹੇ ਵਸਫ਼ ਉਸਦੇ ਵਿਅਕਤਿਤਵ ਦਾ ਹਿੱਸਾ ਬਣੇ।
ਉਸਦੀਆਂ ਰੁਬਾਈਆਂ ਵਿਚ ਪਿਆਲੇ, ਸੁਰਾਹੀ, ਫੁਲਾਂ-ਲਦੀਆਂ ਟਹਿਣੀਆਂ, ਅੰਗੂਰਾਂ ਦੇ ਅਨਾਬੀ ਰਸ, ਅਨਾਬੀ ਬੁਲ੍ਹਾਂ, ਮਸਤ ਨੈਣਾ, ਸਾਕੀ ਤੇ ਮੁਤਰਬ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਪਰ ਉਹ ਇਹਨਾਂ ਦਿਲਕਸ਼ ਰੂਪਕਾਂ ਦੀ ਵਰਤੋਂ ਇੰਦਰੀਆਵੀ ਮੌਜ ਮੇਲੇ ਲਈ ਉਕਸਾਉਣ ਦੇ ਮੰਤਵ ਨਾਲ ਨਹੀਂ ਕਰਦਾ।ਜਦੋਂ ਕਦੇ ਵੀ ਉਹ ਅਜਿਹੇ ਰੰਗੀਨ ਸੰਕਲਪਾਂ ਦਾ ਜ਼ਿਕਰ ਕਰਦਾ ਹੈ ਤਾਂ ਯਕੀਨ ਮੰਨੋ ਉਸਨੇ ਜ਼ਿੰਦਗੀ ਦਾ ਕੋਈ ਡੂੰਘਾ ਭੇਦ ਦੱਸਣਾ ਹੁੰਦਾ ਹੈ ਜਾਂ ਉਸਨੇ ਕਿਸੇ ਸੱਚ ਦੀ ਬੰਦ ਸਿੱਪੀ ਖੋਲ੍ਹਣੀ ਹੁੰਦੀ ਹੈ।
ਅਸਲ ਵਿਚ ਉਹ ਜ਼ਿੰਦਗੀ ਦੇ ਆਦਿ ਅੰਤ, ਇਸਦੀ ਹੋਣੀ, ਇਸਦੀ ਨਾਪਾਏਦਾਰੀ, ਇਸਦੇ ਮਨੋਰਥਾਂ ਤੇ ਉਦੇਸ਼ਾਂ ਜਿਹੇ ਸਦੀਵੀ ਸਵਾਲਾਂ ਦਾ ਕਵੀ ਹੈ। ਉਸਦੀਆਂ ਰੁਬਾਈਆਂ ਵਿਚ ਸ਼ੋਖ਼ੀ ਤੇ ਗੰਭੀਰਤਾ ਦਾ, ਹੁਲਾਸ ਤੇ ਉਦਾਸੀ ਦਾ ਅਸਚਰਜ ਸੁਮੇਲ ਹੈ। ਸ਼ਾਇਦ ਇਹੀ ਸੁਮੇਲ ਹੈ ਜਿਸਦੇ ਸਦਕਾ ਉਸਦੀਆਂ ਰੁਬਾਈਆਂ ਹਰ ਦੌਰ ਵਿਚ ਹਸਾਸ ਮਨੁੱਖਾਂ ਦੇ ਦਿਲਾਂ ਤਕ ਰਸਾਈ ਪੈਦਾ ਕਰ ਲੈਂਦੀਆਂ ਰਹੀਆਂ ਹਨ ਤੇ ਅਜੇ ਵੀ ਇਹਨਾਂ ਵਿਚ ਇਹ ਕਰਿਸ਼ਮਾ ਜਿਉਂ ਦਾ ਤਿਉਂ ਕਾਇਮ ਹੈ।
ਖ਼ਯਾਮ ਦੀ ਹਰ ਰੁਬਾਈ ਜ਼ਿੰਦਗੀ ਉੱਤੇ ਕਿਸੇ ਨਵੇਂ ਜ਼ਾਵੀਏ ਤੋਂ ਝਾਤ ਪੁਆਉਂਦੀ ਜਾਪਦੀ ਹੈ। ਉਹ ਮੌਤ ਤੋਂ ਬਾਅਦ ਦੇ ਕਿਸੇ ਅਣਡਿੱਠੇ ਜਹਾਨ ਦੀ ਗਲ ਨਹੀਂ ਕਰਦਾ, ਜਿਥੇ ਸਾਰੇ ਹੀ ਧਰਮ ਸੁਰਗ ਤੇ ਨਰਕ ਦੇ ਨਕਸ਼ੇ ਬਨ੍ਹਦੇ ਹਨ। ਉਹ ਜ਼ਿੰਦਗੀ ਨੂੰ ਤਿਆਗਣ ਦੀ ਗੱਲ ਵੀ ਨਹੀਂ ਕਰਦਾ ਤੇ ਨਾ ਉਹ ਮਨੁੱਖ ਨੂੰ ਇਹ ਯਾਦ ਦਿਵਾਉਂਣਾ ਭੁਲਦਾ ਹੈ ਕਿ ਮਹਲ, ਮਾੜੀਆਂ ਤੇ ਮਰਾਤਬੇ ਕਿਸੇ ਪ੍ਰਾਪਤੀ ਦਾ ਪੈਮਾਨਾ ਨਹੀਂ ਮੰਨੇ ਜਾ ਸਕਦੇ।ਮਨੁੱਖ ਦੇ ਜਿਉਣ ਦਾ ਅਸਲ ਮੰਤਵ ਕੋਈ ਹੋਰ ਹੈ।ਖ਼ਯਾਮ ਨੂੰ ਪੈਗੰਬਰ ਹੋਣ ਦਾ ਦਾਅਵਾ ਨਹੀਂ ਸੀ ਕਿ ਉਹ ਇਹ ਮੰਤਵ ਬਿਆਨ ਕਰਨ ਦੀ ਲੋੜ ਸਮਝਦਾ। ਇਹ ਮੰਤਵ ਸਮਝਣ ਤੇ ਮਿਥਣ ਦਾ ਕੰਮ ਉਸਨੇ ਹਰ ਮਨੁੱਖ ਦੇ ਆਪਣੇ Aੁੱਤੇ ਛੱਡ ਦਿੱਤਾ ਹੈ। ਸ਼ਾਇਦ ਉਹ ਇਹ ਜਾਣਦਾ ਸੀ ਕਿ ਜਦੋਂ ਮਨੁੱਖ ਸੋਚਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਯਕੀਨਨ ਇਸੇ ਨਤੀਜੇ ਉੱਤੇ ਹੀ ਪਹੁੰਚਦਾ ਹੈ ਕਿ ਉਸਨੂੰ ਆਪਣੇ ਨਾਲੋਂ ਵੱਧ ਹੋਰਨਾਂ ਲਈ ਜਿਉਣਾ ਚਾਹੀਦਾ ਹੈ ।
* * *
ਸ਼ ਸ਼ ਜੋਗੀ ਲਈ ਖ਼ਯਾਮ ਦਾ ਤਰਜਮਾ ਨਿਰੋਲ ਸ਼ੌਕ ਦਾ ਵਣਜ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਖ਼ਯਾਮ ਨੂੰ ਜੋਗੀ ਨੇ ਚੁਣਿਆ ਜਾਂ ਖ਼ਯਾਮ ਨੇ ਉਸਦੇ ਦਿਲ ਦਾ ਦਰਵਾਜ਼ਾ ਖੜਕਾਇਆ। ਜਾਨਦਾਰ ਤਰਜਮੇ ਲਈ ਇਹ ਗਲ ਵੀ ਬੁਨਿਆਦੀ ਮਹੱਤਤਾ ਰਖਦੀ ਹੈ ਕਿ ਮੂਲ ਸ਼ਾਇਰ ਦਾ ਕਲਾਮ ਤਰਜਮਾਕਾਰ ਦੇ ਮੰਨ ਵਿਚ ਪਹਿਲੀ ਡਿੱਠੇ ਕੋਈ ਧੂਹ, ਕੋਈ ਤੜਪ ਪੈਦਾ ਕਰ ਦੇਵੇ।
ਇਹ ਜੋਗੀ ਦਾ ਨਿਰਾ ਤਖ਼ਲੱਸ ਹੀ ਨਹੀਂ, ਉਸਦੀ ਸਮੁੱਚੀ ਅਮਲੀ ਜ਼ਿੰਦਗੀ ਕੁਝ ਇਸ ਅੰਦਾਜ਼ ਦੀ ਹੈ ਕਿ ਖ਼ਯਾਮ ਦੀਆਂ ਰੁਬਾਈਆਂ ਹੀ ਉਸਦੀ ਇਬਾਰਤ ਹੋ ਸਕਦੀਆਂ ਸਨ। ਜਦੋਂ ਸੁਭਾਅ ਜੋਗੀਆਨਾ ਹੋਵੇ, ਰੰਗ ਢੰਗ ਕਲੰਦਰਾਨਾ, ਅਕੀਦਾ ਇਨਸਾਨ-ਦੋਸਤੀ ਤੇ ਮਿਜ਼ਾਜ ਸ਼ਾਇਰਾਨਾ ਤਾਂ ਇਸ ਤਸਵੀਰ ਵਿਚ ਜੇ ਕਿਸੇ ਰੰਗ ਦੀ ਕਮੀ ਹੋ ਸਕਦੀ ਸੀ ਤਾਂ ਉਹ ਖ਼ਯਾਮ ਦੀਆਂ ਰੁਬਾਈਆਂ ਦਾ ਰੰਗ ਹੀ ਸੀ। ਇਸ ਰੰਗ ਨੂੰ ਸ਼ੇਅਰੋ ਹਰਫ਼ ਨਾਲ ਜੋਗੀ ਦੀ ਵਾਬਸਤਗੀ ਨੇ ਆਪਣੀ ਪਕੜ ਵਿਚ ਲੈ ਹੀ ਆਉਣਾ ਸੀ।
ਪਰ ਇਹ ਤਸਵੀਰ ਇੱਕਲੇ ਜੋਗੀ ਦੀ ਨਹੀਂ, ਭਾਵੇਂ ਇਸਦੇ ਲਈ ਹਵਾਲਾ ਉਸੇ ਦਾ ਹੈ। ਇਸ ਤਸਵੀਰ ਵਿਚੋਂ ਅਸੀਂ ਸਾਰੇ ਹੀ ਆਪਣੀ ਕਿਸੇ ਨਾ ਕਿਸੇ ਤਾਂਘ ਜਾਂ ਤਲਾਸ਼ ਦਾ ਵੇਰਵਾ ਤੱਕ ਸਕਦੇ ਹਾਂ।
ਖ਼ਯਾਮ ਦੀਆਂ ਰੁਬਾਈਆਂ ਦੇ ਇਸ ਸੰਗ੍ਰਹਿ ਬਾਰੇ ਇੱਕ ਗਲ ਨਿਸਚੇ ਨਾਲ ਆਖੀ ਜਾ ਸਕਦੀ ਹੈ, ਇਹ ਲੋੜ ਤਾਂ ਭਾਵੇਂ ਜੋਗੀ ਦੀ ਕਿਸੇ ਅੰਤਰੀਵੀ ਜਗਿਆਸਾ ਦੀ ਸੀ ਪਰ ਇਹ ਪ੍ਰਾਪਤੀ ਸਮੁੱਚੇ ਪੰਜਾਬੀ ਸਾਹਿਤ ਦੀ ਬਣ ਗਈ ਹੈ-ਅਤੇ ਪ੍ਰਾਪਤੀ ਵੀ ਅਜਿਹੀ ਜਿਹੜੀ ਸਮਿਆਂ ਬਧੀ ਸੰਜੀਦਾ ਪਾਠਕਾਂ ਦੇ ਮਨਾਂ ਨੂੰ ਸਰਸ਼ਾਰ ਕਰਦੀ ਰਹੇਗੀ ਅਤੇ ਉਹਨਾਂ ਨੂੰ ਕੁਝ ਅਜਿਹੇ ਢੰਗ ਨਾਲ ਜਿਉਣ ਦਾ ਸੁਨੇਹਾ ਦਿੰਦੀ ਰਹੇਗੀ ਕਿ:
ਤਾਂ ਜੋ ਮੇਰੀ ਮਿੱਟੀ ਵਿਚੋਂ ਲਪਟ ਅਜਿਹੀ ਆਵੇ,
ਉਸ ਥਾਂ ਕੋਲੋਂ ਲੰਘਦਾ ਜਾਂਦਾ ਹਰ ਰਾਹੀ ਨਸ਼ਿਆਵੇ,
ਫ਼ੇਰ ਕੋਈ ਪੱਕਾ ਮੋਮਨ ਵੀ ਜੇ ਓਥੋਂ ਦੀ ਲੰਘੇ,
ਪੈਰ ਨਾ ਅਗੇ ਪੁੱਟ ਸੱਕੇ, ਉਹ ਧੂਹ ਖਾ ਕੇ ਮੁੜ ਆਵੇ।

ਜੋਗੀ ਦੇ ਤਰਜਮੇ ਵਿਚ ਆਪਣੀ ਤਰ੍ਹਾਂ ਦਾ ਰਸ ਹੈ। ਇਸ ਰਸ ਵਿਚ ਖ਼ਯਾਮ ਦੀ ਰੰਗਤ ਵੀ ਹੈ ਤੇ ਪੰਜਾਬੀ ਚਾਸ਼ਨੀ ਵੀ। ਇਹ ਰਸ ਜੋਗੀ ਪੈਦਾ ਕਰ ਸਕਿਆ ਹੈ ਕਿਉਂਕਿ ਖ਼ਯਾਮ ਦੇ ਖ਼ਿਆਲਾਂ ਨੂੰ ਮਾਪਦਿਆਂ, ਇਸਦੇ ਤਕਾਜ਼ੇ ਅਨੁਸਾਰ, ਉਹ ਪੰਜਾਬੀ ਨੂੰ ਨਵੇਂ ਅੰਦਾਜ਼, ਨਵੇਂ ਅਲੰਕਾਰ ਦੇ ਸਕਿਆ ਹੈ।
ਖ਼ਯਾਮ ਛੇਤੀ ਕੀਤੇ ਵਾਵੇਅੰਗ ਆਉਣ ਵਾਲਾ ਕਵੀ ਨਹੀਂ। ਉਹ ਓਨਾ ਸਰਲ ਤੇ ਸਾਦਾ ਨਹੀਂ ਜਿਨਾ ਉਹ ਨਜ਼ਰ ਆਉਂਦਾ ਹੈ।ਉਸਦੀ ਸਰਲਤਾ ਖ਼ਿਆਲਾਂ, ਭਾਵਾਂ ਤੇ ਦਾਰਸ਼ਨਿਕ ਮੁਸ਼ਹਿਦਿਆਂ ਦੀ ਜਿਸ ਮਹਿਰਾਬ ਉੱਤੇ ਟਿਕੀ ਹੋਈ ਹੈ ਉਹ ਬੜੇ ਬਾਰੀਕ ਤਵਾਜ਼ਨ ਤੇ ਤਰਤੀਬ ਦੀ ਦੇਣ ਹੈ ਅਤੇ ਇਹੀ ਉਸਦੀਆਂ ਰੁਬਾਈਆ ਦੀ ਅਸਲ ਰੂਹ ਹੈ।ਖ਼ਯਾਮ ਵਿਚ ਉਦਾਸੀ ਤੇ ਹੁਲਾਸ, ਦੁਨੀਆ ਦੇ ਇਕ ਸਰਾਂ ਹੋਣ ਦਾ ਅਹਿਸਾਸ ਤੇ ਫੁਲਾਂ ਲਦੀ ਟਹਿਣੀ ਹੇਠ ਜਾਮ ਛਲਕਾ ਰਹੇ ਸਾਕੀ ਦਾ ਖੁਸ਼ਰੰਗ ਤਸੱਵਰ, ਫ਼ਲਸਫ਼ਾ ਤੇ ਮਸਤੀ ਧੁਪ ਛਾਂ ਵਾਂਗ ਝੂਲਦੇ ਮਹਿਸੂਸ ਹੁੰਦੇ ਹਨ। ਅਜਿਹੀ ਉਡਦੀ ਕੈਫ਼ੀਅਤ ਨੂੰ ਪਕੜ ਵਿਚ ਲਿਆਉਣਾ ਕੋਈ ਸੌਖੀ ਗਲ ਨਹੀਂ।
ਜੋਗੀ ਦੀ ਸਭ ਤੋਂ ਵਡੀ ਪ੍ਰਾਪਤੀ ਇਹ ਹੈ ਕਿ ਉਸਨੇ ਖ਼ਯਾਮ ਦੀ ਇਸ ਸੂਖਮਤਾ ਨੂੰ ਆਪਣੇ ਅਨੁਭਵ ਵਿਚ ਪੂਰੀ ਤਰ੍ਹਾਂ ਰਚਾਕੇ ਹੀ ਉਸਦਾ ਤਰਜਮਾ ਕੀਤਾ ਹੈ। ਇਹੀ ਕਾਰਨ ਹੈ ਕਿ ਜੋਗੀ ਦਾ ਖ਼ਯਾਮ ਸਾਡੇ ਆਪਣੇ ਦੌਰ ਤੇ ਦਿਲਾਂ ਦੀ ਤਰਜਮਾਨੀ ਕਰਦਾ ਮਹਿਸੂਸ ਹੁੰਦਾ ਹੈ।
ਜੋਗੀ ਨੇ ਆਪਣੇ ਤਰਜਮੇ ਨੂੰ ਜਿਸ ਖ਼ੂਬੀ ਨਾਲ ਨਿਭਾਇਆ ਹੈ, ਉਸਦਾ ਇਕ ਪਰਮਾਣ ਇਹ ਵੀ ਹੈ ਉਸਨੇ ਉਸ ਤੀਖਣਤਾ, ਸ਼ਿਦਤ ਤੇ ਵੇਗ ਵਿਚ ਕੋਈ ਢਿਲ ਨਹੀਂ ਆਉਣ ਦਿੱਤੀ ਜਿਸ ਨਾਲ ਅਖੀਰਲੀ ਪੰਗਤੀ ਵਜੋਂ ਖ਼ਯਾਮ ਦੀ ਹਰ ਰੁਬਾਈ ਨੇਪਰੇ ਚੜ੍ਹਦੀ ਹੈ ਤੇ ਜਿਸਦੇ ਸਦਕਾ ਇਹ ਰੁਬਾਈ ਆਪਣੇ ਨਿਵੇਕਲੇ ਖਿਆਲ, ਆਪਣੀ ਨਿਵੇਕਲੀ ਭਾਅ ਨਾਲ ਪਾਠਕ ਦੇ ਮਨ ਵਿਚ ਤਸਵੀਰ ਜਿਹੀ ਖਿਚ ਜਾਂਦੀ ਹੈ। ਇਸ ਸੰਦਰਭ ਵਿਚ ਹੇਠਲੀਆਂ ਪੰਗਤੀਆਂ ਉਤਲੇ ਨੁਕਤੇ ਨੂੰ ਵਧੇਰੇ ਸੁਖਾਲੀ ਤਰ੍ਹਾਂ ਉਜਾਗਰ ਕਰ ਸਕਣਗੀਆਂ।
“ਸਬਰ ਨੇ ਜਿਹੜਾ ਚੋਗਾ ਸੀਤਾ
ਸਮੇਂ ਨੇ ਪਾੜ ਮੁਕਾਇਆ”
“ਆਉਂਦੇ ਬਾਰੇ ਕਦੇ ਨਾ ਸੋਚੀਂ
ਬੀਤੇ ਨੂੰ ਭੁਲ ਜਾਈਂ”
“ਜੀਵਨ ਮਧੂ ਪਿਆਲੀ ਸੁੱਕਕੇ
ਪਾਟ ਨਾ ਜਾਏ ਤਿਹਾਈ”
“ਜਿਸ ਗਿਰਦੇ ਪਰਛਾਵੇਂ ਸਾਡੇ
ਘੁੰਮਦੇ ਫਿਰਨ ਵਿਚਾਰੇ”
“ਵਾਂਗ ਅਨ੍ਹੇਰੀ ਤੁਰ ਚਲਿਆ ਹਾਂ
ਝਖੜ ਵਾਂਗ ਸਾਂ ਆਇਆ”
“ਆਪਣੇ ਦਿਲ ਦੀਆਂ ਰੀਝਾਂ ਦੀ
ਇਕ ਦੁਨੀਆ ਨਵੀਂ ਵਸਾਈਏ”
“ਕਿਹੜਾ ਗਿਆ ਨਰਕ ਨੂੰ
ਕੀਹਦੀ ਸੁਰਗਾਂ ਨਾਲ ਭਿਆਲੀ”
“ਕਿਹੜਾ ਏਥੇ ਇਕ ਦਿਨ ਹੱਸਕੇ
ਪੂਰਾ ਸਾਲ ਨਾ ਰੋਏ”
“ਏਥੋਂ ਜੋ ਵੀ ਕੂਚ ਕਰ ਗਿਆ
ਮੁੜ ਨਾ ਫੇਰਾ ਪਾਏ”
ਵਾਸਤਵ ਵਿਚ ਜੋਗੀ ਪੈਰ ਪੈਰ ਉੱਤੇ ਨਵੀਆਂ ਤਸ਼ਬੀਹਾਂ, ਨਵੇਂ ਬਿੰਬ ਸਿਰਜਦਾ ਹੈ ਜਿਨ੍ਹਾਂ ਦੇ ਸਦਕਾ ਉਸਦੇ ਤਰਜਮੇ ਵਿਚ ਆਪਣੀ ਤਰ੍ਹਾਂ ਦਾ ਸਹਿਜ ਤੇ ਰਵਾਨੀ ਪੈਦਾ ਹੋ ਗਈ ਹੈ। ਉਸਨੇ ਬੀਤ ਰਹੇ ਸਮੇਂ ਨੂੰ “ਪੈਰਾਂ ਹੇਠੋਂ ਖਿਸਕ ਰਹੇ ਪਰਛਾਵਿਆਂ” ਨਾਲ, ਆਕਾਸ਼ ਨੂੰ “ਉਰਧ ਕਟੋਰੇ” ਨਾਲ, ਰੈਣ ਦਿਵਸ ਨੂੰ “ਜ਼ਿੰਦਗੀ ਦੀ ਕਾਰਵਾਂ ਸਰਾਏ ਦੇ ਦੋ ਦਰਵਾਜ਼ਿਆਂ” ਨਾਲ, ਜ਼ਿੰਦਗੀ ਦੇ ਝਮੇਲਿਆਂ ਨੂੰ “ਉਮਰਾਂ ਦੇ ਦਫ਼ਤਰ” ਨਾਲ, ਉਮਰ ਨੂੰ “ਲੰਮੀਆਂ ਵਾਟਾਂ” ਨਾਲ, ਸਵੇਰ ਨੂੰ “ਰਾਤ ਦੀ ਖਿਸਕ ਰਹੀ ਚਾਦਰ” ਨਾਲ ਜਾਂ ਚੜ੍ਹਦੇ ਸੂਰਜ ਵਲੋਂ “ਨਿਸ਼ਾ ਦੀ ਬੁਲਕ ਵਿਚ ਵਗਾਹ ਕੇ ਮਾਰੇ ਪਥਰ” ਨਾਲ ਤਸ਼ਬੀਹ ਦਿੱਤੀ ਹੈ ਤੇ ਇਸ ਤਰ੍ਹਾਂ ਉਸ ਨੇ ਖ਼ਯਾਮ ਦੇ ਕਲਾਮ ਵਿਚ ਆਪਣੀ ਤਰ੍ਹਾਂ ਦਾ ਨਿਖਾਰ ਪੈਦਾ ਕਰ ਦਿੱਤਾ ਹੈ।
ਕਹਿਣਾ ਇਹ ਬਣਦਾ ਹੈ ਕਿ ਜੋਗੀ ਨੇ ਠੀਕ ਉਸੇ ਕਾਵਿਕ ਸੰਵੇਦਨਾ, ਕਾਲਪਨਿਕ ਜੁਗਤ ਤੇ ਭਾਸ਼ਾਈ ਸੂਝ ਦਾ ਸਬੂਤ ਦਿੱਤਾ ਹੈ ਜਿਸ ਦੀ ਖ਼ਯਾਮ ਮੰਗ ਕਰਦਾ ਹੈ। ਜੋਗੀ ਨੇ ਤਰਜਮਾ ਕਰਨ ਸਮੇਂ ਖ਼ਯਾਮ ਦੀ ਕਿਸੇ ਰੁਬਾਈ ਦੇ ਨਾਜ਼ਕ ਤੋਂ ਨਾਜ਼ਕ ਖ਼ਿਆਲ ਜਾਂ ਕੈਫ਼ੀਅਤ ਨੂੰ ਅਖੋਂ ਓਹਲੇ ਨਹੀਂ ਹੋਣ ਦਿੱਤਾ। ਭਾਵੇਂ ਖ਼ਯਾਮ ਦੀ ਕਿਸੇ ਰੁਬਾਈ ਵਿਚ ਸ਼ਾਹੀ ਮਹਲ ਦੇ ਬੁਰਜ ਨੂੰ ਆਪਣੇ ਜਾਲ ਵਿਚ ਸਮੇਟ ਰਹੀਆਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੀ ਮੰਜ਼ਰਕਸ਼ੀ ਹੈ, ਕਾਰਵਾਂ ਸਰਾਏ ਦੇ ਖੰਡਰਾਂ ਦੀ ਜ਼ਬਾਨੀ ਆਉਂਦੇ ਲੰਘਦੇ ਸ਼ਾਹਾਂ ਬਾਦਸ਼ਾਹਾਂ ਦੇ ਦੋ ਘੜੀਆਂ ਰੁਕਣ ਤੇ ਸਦਾ ਲਈ ਤੁਰ ਜਾਣ ਦਾ ਪੁਰਸੋਜ਼ ਵੇਰਵਾ ਹੈ ਜਾਂ ਕਵੀ ਦੀ ਕਿਸੇ ਅਜਿਹੀ ਮਨੋਕਾਮਨਾ ਦਾ ਖ਼ੁਸ਼-ਲਹਿਜਾ ਇਜ਼ਹਾਰ ਕਿ ਸਦੀਵੀ ਨੀਂਦ ਸਮੇਂ ਉਸਨੂੰ ਵੇਲ ਅੰਗੂਰੀ ਵਿਚ ਵਲੇਟ ਕੇ ਕਿਸੇ ਸੁੰਦਰ ਬਗੀਚੀ ਦੀ ਇਕ ਨੁਕਰੇ ਦਫ਼ਨਾਇਆ ਜਾਏ, ਜੋਗੀ ਨੇ ਉਸਦੇ ਹਰ ਰਓਂ ਹਰ ਤਰੰਗ ਨੂੰ ਬੁਝਿਆ ਤੇ ਸਾਡੇ ਤੱਕ ਪੁਚਾਇਆ ਹੈ।
ਆਪਣੇ ਕਾਬਲੇ-ਦਾਦ ਤਰਜਮੇ ਨਾਲ ਜੋਗੀ ਨੇ ਪੰਜਾਬੀ ਸੁਹਜ ਦੇ ਵਿਹੜੇ ਵਿਚ ਇਕ ਅਜਿਹਾ ਨਵਾਂ ਬੂਟਾ ਲਾਇਆ ਹੈ ਜਿਸ ਦੀ ਹਰਿਆਲੀ ਨੇ ਸਮੇਂ ਨਾਲ ਹੋਰ ਮੌਲਣਾ ਹੈ ਅਤੇ ਇਸਦੀ ਛਾਂ ਨੇ ਹੋਰ ਸੰਘਣੇ ਤੇ ਉਸਦੀ ਮਹਿਕ ਨੇ ਹੋਰ ਨਸ਼ੀਲੇ ਹੁੰਦੇ ਜਾਣਾ ਹੈ। ਖ਼ਯਾਮ ਪਾਠਕਾਂ ਦੇ ਮਨ ਵਿਚ ਮਲਕੜੇ ਜਿਹੇ ਪਰਵੇਸ਼ ਕਰਦਾ ਹੈ ਪਰ ਉਸਦੇ ਪੈਰ ਧਰਦਿਆਂ ਹੀ ਮਨਾਂ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹਣ ਲਗਦੇ ਹਨ। ਇਸ ਦੇਣ ਲਈ ਪੰਜਾਬੀ ਸਾਹਿਤ ਜੋਗੀ ਦਾ ਰਿਣੀ ਰਹੇਗਾ।

ਧੰਨਵਾਦ – ਨਿਸੋਤ

Advertisements

About Satdeep ਸਤਦੀਪ ستدیپ

To the world you may be just one person, but to one person you may be the world. Brandi Snyder
This entry was posted in ਅਨੁਵਾਦ انوڈ, ਕਵਿਤਾ کویتا and tagged , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s