ਪ੍ਰੋ: ਮੋਹਨ ਸਿੰਘ ਦੀ ਜਿੰਦਗੀ ਦੀ ਸ਼ਾਮ -ਸੁਰਜੀਤ ਪਾਤਰ

ਪ੍ਰੋ: ਮੋਹਨ ਸਿੰਘ ਹੋਰਾਂ ਦੀ ਕਵਿਤਾ ਵਿੱਚ ਵੇਲਿਆਂ ਦਾ ਬਹੁਤ ਖ਼ੂਬਸੂਰਤ ਜ਼ਿਕਰ ਹੈ, ਸਵੇਰ ਦਾ, ਸ਼ਾਮ ਦਾ, ਰਾਤ ਦਾ। ਸਵੇਰ ਨੂੰ ਉਹ ਪੂਰਬ ਦੀ ਗੁਜਰੀ ਆਖਦੇ ਹਨ, ਜੋ ਚਾਨਣ ਦਾ ਦੁੱਧ ਰਿੜਕਦੀ ਹੈ ਜਿਸ ਦੀਆਂ ਛਿੱਟਾਂ ਦਰ ਦਰ ਉੱਡਦੀਆਂ ਹਨ। ਰਾਤ ਉਹਨਾਂ ਲਈ ਮੋਤੀਆਂ ਜੜੀ ਅਟਾਰੀ ਹੈ ਅਤੇ ਸ਼ਾਮ……। ਸ਼ਾਮ ਦਾ ਜ਼ਿਕਰ ਖ਼ਾਸ ਕਰਕੇ ਉਹਨਾਂ ਦੀ ਕਵਿਤਾ ਵਿੱਚ ਬਹੁਤ ਦਿਲ-ਟੁੰਬਵਾਂ ਹੈ। ਸ਼ਾਮ ਜਿਸ ਨੂੰ ਤਰਕਾਲਾਂ ਕਿਹਾ ਜਾਂਦਾ ਹੈ, ਜਦੋਂ ਤਿੰਨ ਕਾਲ ਮਿਲਦੇ ਹਨ, ਮਾਵਾਂ ਕਹਿੰਦੀਆਂ ਸਨ ਤਿੰਨ ਵੇਲਿਆਂ ਦਾ ਇੱਕ ਵੇਲਾ। ਪ੍ਰੋ: ਮੋਹਨ ਸਿੰਘ ਮਨ ਦੀਆਂ ਇਹਨਾਂ ਸਥਿਤੀਆਂ ਦਾ ਕਵੀ ਹੈ ਜਿੱਥੇ ਦਿਨ ਦਾ ਤਰਕ ਹੈ, ਰਾਤ ਦਾ ਰਹੱਸ ਹੈ, ਸ਼ਾਮ ਦੀ ਉਦਾਸੀ ਹੈ।

ਸ਼ਾਮ ਦੇ ਪਲਾਂ ਨੂੰ ਕਵੀ ,ਮੋਹਨ ਸਿੰਘ ਨੇ ਅਨੇਕਾਂ ਅਲੰਕਾਰਾਂ ਨਾਲ ਚਿਤਰਿਆ ਹੈ। ਕਿਸੇ ਕਵਿਤਾ ਵਿੱਚ ਰੱਬ ਘੁਮਿਆਰ ਸ਼ਾਮ ਵੇਲੇ ਧਰਤੀ ਤੇ ਘੁੰਮਦੇ ਚੱਕ ਉੱਤੋਂ ਸੂਰਜ ਦਾ ਭਾਂਡਾ ਉਤਾਰਦਾ ਹੈ, ਕਿਤੇ ਢਲਦਾ ਸੂਰਜ ਘਰਕਦੇ ਘੋੜੇ ਵਾਂਗ ਆਪਣੇ ਪੌੜਾਂ ਨਾਲ ਧੂੜ ਉਡਾਉਂਦਾ ਪੱਛਮ ਦੇ ਪੱਤਣਾਂ ਤੇ ਪਹੁੰਚਦਾ ਹੈ। ਕਿਸੇ ਕਵਿਤਾ ਵਿੱਚ ਸੂਰਜ ਸ਼ਿਵ ਦੇ ਪੁਜਾਰੀ ਵਾਂਗ ਠੀਕਰ ਵਿੱਚ ਦਘਦੇ ਅੰਗਿਆਰੇ ਪਾਈ ਲਿਜਾ ਰਿਹਾ ਹੈ। ਗੁਰੂ ਨਾਨਕ ਜੀ ਬਾਰੇ ਲਿਖੇ ਆਪਣੇ ਮਹਾਂਕਾਵਿ ਦਾ ਆਰੰਭ ਵੀ ਉਹ ਤਲਵੰਡੀ ਦੀ ਸ਼ਾਮ ਤੋਂ ਕਰਦੇ ਹਨ:
ਮੋੜਿਆ ਸੂਰਜ ਰੱਥ ਨੇ ਲਹਿੰਦੇ ਵੱਲ ਮੁਹਾਣ
ਰੰਗਲੀ ਆਥਣ ਉੱਤਰੀ ਤਲਵੰਡੀ ਤੇ ਆਣ
ਅੱਥਰੇ ਘੋੜੇ ਰੱਥ ਤੇ ਗੁਲਨਾਰੀ ਤੇ ਸੇਤ
ਮਹਿੰਦੀ ਰੰਗੇ, ਹੁਰਮਚੀ, ਮੁਸ਼ਕੀ ਅਤੇ ਕੁਮੇਤ

ਨਾਸਾਂ ਵਿੱਚੋਂ ਅੱਗ ਦੇ ਸ਼ੁਅਲੇ ਛੱਡਦੇ ਜਾਣ
ਮਾਰ ਮਾਰ ਕੇ ਪੈਖੜਾਂ ਰੰਗਲੀ ਧੂੜ ਉਡਾਣ

ਪੁੱਜੇ ਘੋੜੇ ਘਰਕਦੇ ਜਦ ਧਰਤੀ ਦੇ ਛੋਰ
ਮੱਠੀ ਪੈ ਗਈ ਉਹਨਾਂ ਦੀ ਪਰਲੋ-ਪੈਰੀ ਤੋਰ

ਲਹਿ ਕੇ ਸੂਰਜ ਰੱਥ ਤੋਂ ਗੋਡਿਆਂ ਪਰਨੇ ਝੁਕ
ਰੰਗਾਂ ਦੇ ਦਰਿਆ ‘ਚੋਂ ਸੂਰਜ ਪੀਤਾ ਬੁੱਕ

ਵੱਡਾ ਗੋਲਾ ਓਸਦਾ ਜਿਓਂ ਆਤਸ਼ ਦੀ ਵੰਗ
ਅੰਤਮ ਕੰਢਾ ਧਰਤ ਦਾ ਦਿੱਤਾ ਜਿਸ ਨੇ ਰੰਗ

ਅੱਧਾ ਗੋਲਾ ਡੁੱਿਬਆ ਅੱਧਾ ਰਹਿ ਗਿਆ ਬਾਹਰ
ਦਾਰੂ ਵਿੱਚ ਨਚੋੜਿਆ ਜਾਣੋਂ ਕਿਸੇ ਅਨਾਰ

ਚਮਕੇ ਪੀਲੂ ਵਣਾਂ ਦੇ ਸੋਨ-ਦਾਣਿਆਂ ਹਾਰ
ਦਿੱਤਾ ਕਿਰਨਾਂ ਟੇਢੀਆਂ ਅੰਤਿਮ ਜਦੋਂ ਪਿਆਰ

ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਪ੍ਰੋ: ਮੋਹਨ ਸਿੰਘ ਹੁਰਾਂ ਨੇ ਮਾਲਵੇ ਵਿੱਚ ਗੁਜ਼ਾਰੇ, ਉਹਨਾਂ ਪਹਿਲੀ ਵਾਰ ਸ਼ਾਮ ਨੂੰ ਆਥਣ ਕਿਹਾ। ਉਹ ਲਿਖਦੇ ਹਨ:

ਗੱਲ ਸੁਣ ਆਥਣੇ ਨੀ
ਮੇਰੀਏ ਸਾਥਣੇ ਨੀ
ਵਰਕੇ ਜ਼ਿੰਦਗੀ ਦੇ ਚਿੱਟੇ
ਪਾ ਜਾ ਰੰਗ ਦੇ ਦੋ ਛਿੱਟੇ

ਇਹ ਮੋਹਨ ਸਿੰਘ ਹੁਰਾਂ ਦੀ ਜ਼ਿੰਦਗੀ ਦੀ ਸ਼ਾਮ ਸੀ, ਜਿਸ ਦੌਰਾਨ ਪੰਜ ਵਰ੍ਹੇ ਮੈਂ ਉਹਨਾਂ ਨੂੰ ਕਦੇ ਸੂਹੇ, ਕਦੀ ਕਿਰਮਚੀ, ਕਦੀ ਕਲਭਰਮੇ, ਕਦੀ ਜਗਦੇ ਅਤੇ ਕਦੀ ਬੁਝਦੇ ਰੰਗਾਂ ਵਿੱਚ ਵੇਖਿਆ। ਰੰਗਾਂ ਦਾ ਮੋਹਨ ਸਿੰਘ ਬਹੁਤ ਸਨਾਸ਼ ਸੀ। ਕਿਸੇ ਹੋਰ ਪੰਜਾਬੀ ਕਵੀ ਨੇ ਰੰਗਾਂ ਦੇ ਏਨੇ ਨਾਮ ਆਪਣੀ ਸ਼ਾਇਰੀ ਵਿੱਚ ਨਹੀਂ ਲਿਖੇ। ਇੱਕ ਵਾਰ ਮੋਹਨ ਸਿੰਘ ਕਹਿਣ ਲੱਗੇ: ਮਨਜੀਤ ਟਿਵਾਣਾ ਦਾ ਰੰਗ ਇਹੋ ਜਿਹਾ, ਜਿਵੇਂ ਰੰਗ ਵਿੱਚ ਅਫ਼ੀਮ ਘੋਲੀ ਹੋਵੇ। ਦੇਖੋ ਇਸ ਬਿਆਨ ਵਿੱਚ ਕੀ ਕੁਝ ਘੁਲਿਆ ਹੋਇਆ ਹੈ।
ਪਹਿਲੀ ਵਾਰ ਮੈਂ ਮੋਹਨ ਸਿੰਘ ਹੁਰਾਂ ਨੁੰ 1963 ਵਿੱਚ ਦੇਖਿਆ, ਜਦੋਂ ਮੈਂ 18 ਕੁ ਸਾਲਾਂ ਦਾ ਸੀ। ਉਹ ਕੰਪਨੀ ਬਾਗ਼ ਵਿੱਚ ਸ਼ਤਰੰਜ ਖੇਡ ਰਹੇ ਸਨ। ਮੈਂ ਆਪਣੇ ਪਿੰਡੋਂ ਸਾਈਕਲ ਤੇ ਆਇਆ ਸਾਂ। ਖ਼ਾਸ ਤੌਰ ਤੇ ਉਹਨਾਂ ਨੂੰ ਮਿਲਣ ਪਰ ਦੂਰੋਂ ਦੇਖ ਕੇ ਮੁੜ ਗਿਆ। ਕੁਝ ਮਹੀਨਿਆਂ ਮਗਰੋਂ ਫ਼ੇਰ ਹੌਸਲਾ ਕਰ ਕੇ ਉਹਨਾਂ ਦੇ ਘਰ ਗਿਆ, ਉਹ ਘਰ ਹੀ ਸਨ। ਮੈਂ ਉਹਨਾਂ ਨੂੰ ਦੱਸਿਆ ਮੈਂ ਕਵਿਤਾ ਲਿਖਦਾ ਹਾਂ। ਉਹ ਕਹਿਣ ਲੱਗੇ: ਸੁਣਾ। ਮੈਂ ਜਿਹੜੀ ਕਵਿਤਾ ਉਹਨਾਂ ਨੂੰ ਸੁਣਾਈ, ਉਸਦਾ ਨਾਮ ਸੀ: ਸ਼ੀਸ਼ੇ ਦੀ ਸਿਖਰ ਦੁਪਹਿਰ ਵਿੱਚ। ਕਵਿਤਾ ਕੁਝ ਇਸ ਤਰ੍ਹਾਂ ਸੀ:
ਇੱਕ ਬਦਸੂਰਤ ਕੁੜੀ
ਧੁਖ ਰਹੀ ਸ਼ੀਸ਼ੇ ਦੀ ਸਿਖ਼ਰ ਦੁਪਹਿਰ ਵਿੱਚ
ਭਾਲਦੀ ਬੇਅਰਥ ਹੀ
ਸ਼ੀਸ਼ੇ ਦੇ ਰੇਗਿਸਤਾਨ ਚੋਂ
ਦਿਲ ਦਾ ਕੰਵਲ……

ਬੜੇ ਗੌਰ ਨਾਲ ਮੇਰੀ ਕਵਿਤਾ ਸੁਣ ਕੇ ਕਹਿਣ ਲੱਗੇ: ਦੇਖ ਜਿਹੜੀ ਕਵਿਤਾ ਮੈਨੂੰ ਏਨੀ ਮੁਸ਼ਕਿਲ ਨਾਲ ਸਮਝ ਆਈ ਹੈ, ਉਹ ਆਮ ਲੋਕਾਂ ਨੂੰ ਕਿਵੇਂ ਆਵੇਗੀ? ਤੇਰੇ ਕੋਲ ਕਵਿਤਾ ਦੇ ਸਾਰੇ ਔਜ਼ਾਰ ਹਨ, ਪਰ ਤੂੰ ਵਿਸ਼ੇ ਹੋਰ ਚੁਣ। ਕੁਝ ਮਹੀਨਿਆਂ ਬਾਅਦ ਮੈਂ ‘ਪੰਜ ਦਰਿਆ’ ਲਈ ਦੋ ਕਵਿਤਾਵਾਂ ਭੇਜੀਆਂ। ਕਾਰਡ ਤੇ ਜਵਾਬ ਲਿਖਿਆ ਆਇਆ: ਤੁਹਾਡੀਆਂ ਕਵਿਤਾਵਾਂ ਪਸੰਦ ਆਈਆਂ। ਪੰਜ ਦਰਿਆ ਦੇ ਕਿਸੇ ਅਗਲੇ ਅੰਕ ਵਿੱਚ ਛਾਪਾਂਗਾ। ਹੇਠਾਂ ਇੱਕ ਨੋਟ ਸੀ: ਆਪਣੇ ਪਿੰਡ ਵਿੱਚ ਪੰਜ ਦਰਿਆ ਦੇ ਕੁਝ ਗਾਹਕ ਬਣਾਓ। ਕਵਿਤਾਵਾਂ ਪਸੰਦ ਆਉਣ ਦੀ ਖ਼ੁਸ਼ੀ ਇਸ ਵਾਕ ਨਾਲ ਕੁਝ ਕਿਰਕਿਰੀ ਹੋ ਗਈ। ਕਵਿਤਾਵਾਂ ਦੋ ਕੁ ਮਹੀਨਿਆਂ ਬਾਅਦ ਛਪ ਗਈਆਂ, ਪਰ ਫ਼ਿਰ ਬਹੁਤ ਸਾਲ ਤੱਕ ਮੈਂ ਪ੍ਰੋ: ਸਾਹਿਬ ਨੂੰ ਮਿਲ ਨਾ ਸਕਿਆ।
ਕਈ ਸਾਲਾਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਿਲੇ। ‘ਪੰਜ ਦਰਿਆ’ ਕਦੋਂ ਦਾ ਬੰਦ ਹੋ ਚੁੱਕਾ ਸੀ। ਮੋਹਨ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਅਮੈਰੇਟਸ ਸਨ। ਮੈਂ ਐਮ:ਏ ਕਰ ਚੁੱਕਾ ਸਾਂ ਅਤੇ ਪੰਜਾਬੀ ਵਿਭਾਗ ਵਿੱਚ ਰਿਸਰਚ ਸਕਾਲਰ ਸਾਂ। ਉਨ੍ਹੀਂ ਦਿਨੀਂ ਸ਼ੁਗਲ ਸ਼ੁਗਲ ਵਿੱਚ ਹੀ ਮੈਂ ਪੰਜਾਬੀ ਕਵੀਆਂ ਦੀ ਪੈਰੋਡੀ ਬਣਾਈ ਹੋਈ ਸੀ। ਸ਼ਿਵ ਬਾਰੇ ਮੈਂ ਲਿਖਿਆ ਸੀ:
ਮਾਏਂ ਨੀ ਮਾਏਂ
ਮੈਨੂੰ ਸੋਗ ਦਾ ਸੂਟ ਸੰਵਾ ਦੇ
ਹੰਝੂਆਂ ਦੀ ਝਾਲਰ
ਤੇ ਆਹਾਂ ਦਾ ਕਾਲਰ
ਵਿੱਚ ਬਟਨ ਬਿਰਹੋਂ ਦੇ ਲਾ ਦੇ

ਮੀਸ਼ੇ ਦੀ ਕੁਝ ਇਸ ਤਰ੍ਹਾਂ ਸੀ:
ਬੋਝੇ ਦੇ ਵਿੱਚ
ਦੁੱਖ ਦੇ ਸਿੱਕੇ
ਚਿਤਵਣੀਆਂ ਦੇ ਘੋਗੇ ਸਿੱਪੀਆਂ
ਕੋਕੇ ਕੌਡੀਆਂ ਬੰਟੇ ਪਾ ਕੇ
ਉੱਤੋਂ ਦੀ ਬਕਸੂਆ ਲਾਈ ਫ਼ਿਰਦੇ

ਪ੍ਰੋ: ਸਾਹਿਬ ਸੁਣ ਸੁਣ ਕੇ ਹੱਸਦੇ ਰਹੇ ਅਤੇ ਮੈਨੂੰ ਕਹਿਣ ਲੱਗੇ: ਤੂੰ ਮੇਰੇ ਕੋਲ ਲੁਧਿਆਣੇ ਆ ਜਾ, ਮੇਰੇ ਕੋਲ ਰੀਸਰਚ ਅਸਿਸਟੈਂਟ ਦੀ ਨੌਕਰੀ ਹੈ। ਮੈਂ ਕਿਹਾ: ਜੀ ਮੈਂ ਓਥੇ ਕੀ ਕਰਾਂਗਾ ਐਗਰੀਕਲਚਰਚਲ ਯੂਨੀਵਰਸਿਟੀ ਵਿੱਚ? ਪ੍ਰੋਫ਼ੈਸਰ ਸਾਹਿਬ ਕਹਿਣ ਲੱਗੇ: ਜੋ ਮੈਂ ਕਰਦਾਂ, ਓਹੀ ਤੂੰ ਕਰੀ ਚੱਲੀਂ। ਪਰ ਮੇਰਾ ਜੀਅ ਲੈਕਚਰਾਰ ਲੱਗਣ ਨੂੰ ਕਰਦਾ ਸੀ, ਮੈਂ ਜੋਗਿੰਦਰ ਕੈਰੋਂ ਦੇ ਨਾਲ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਜੌਇਨ ਕਰ ਲਿਆ ਪਰ ਸਾਲ ਕੁ ਬਾਅਦ ਮੇਰਾ ਚਾਅ ਲੱਥ ਗਿਆ। ਖ਼ਾਲਸਾ ਕਾਲਜ ਜਲੰਧਰ ਦੇ ਇੱਕ ਕਵੀ ਦਰਬਾਰ ਵਿੱਚ ਪ੍ਰੋਫ਼ੈਸਰ ਸਾਹਿਬ ਮੈਨੂੰ ਮਿਲੇ। ਕਹਿਣ ਲੱਗੇ: ਅਜੇ ਵੀ ਆ ਜਾ, ਯੂਨੀਵਰਸਿਟੀ, ਯੂਨੀਵਰਸਿਟੀ ਹੁੰਦੀ ਐ। ਮੈਂ ਮਹੀਨੇ ਕੁ ਬਾਅਦ ਚਲਾ ਗਿਆ। ਪ੍ਰੋਫ਼ੈਸਰ ਸਾਹਿਬ ਨੇ ਆਪਣੇ ਵੱਡੇ ਕਮਰੇ ਦੇ ਇੱਕ ਪਾਸੇ ਮੇਰਾ ਟੇਬਲ ਲਗਵਾ ਦਿੱਤਾ, ਇਹ 16 ਸਤੰਬਰ, 1972 ਦੀ ਗੱਲ ਹੈ। ਉਸ ਦਿਨ ਤੋਂ ਲੈ ਕੇ 3 ਮਈ 1977 ਤੱਕ, ਜਿਸ ਦਿਨ Aਹੁ ਮੂੰਹ-ਹਨੇਰੇ ਦੀ ਬੁੱਕਲ ਮਾਰ ਕੇ ਅਨੰਤ ਹਨੇਰੇ ਵਿੱਚ ਗੁਆਚ ਗਏ, ਮੈਂ ਇਸ ਯੁਗ ਕਵੀ ਨੂੰ ਅਨੇਕਾਂ ਰੰਗਾਂ ਵਿੱਚ ਦੇਖਿਆ, ਕਵਿਤਾ ਲਿਖਦਿਆਂ, ਜਾਮ ਪੀ ਕੇ ਨੱਚਦਿਆਂ, ਉਦਾਸੀ ਵਿੱਚ ਡੁੱਬਿਆਂ, ਗੁੱਸੇ ਨਾਲ ਲੋਹੇ ਲਾਖੇ ਹੁੰਦਿਆਂ, ਸ਼ਤਰੰਜ ਦੀ ਦੁਨੀਆਂ ਵਿੱਚ ਗੁਆਚਿਆਂ, ਢਲਦੇ ਸੂਰਜ ਨੂੰ ਆਈਨੇ ਵਾਂਗ ਵੇਖਦਿਆਂ, ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ।
ਪੀ:ਏ:ਯੂ ਵਿੱਚ ਪ੍ਰੋਫ਼ੈਸਰ ਸਾਹਿਬ ਕੋਲ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਪ੍ਰੋਜੈਕਟ ਸੀ। ਇਸ ਪ੍ਰੋਜੈਕਟ ਵਿੱਚ ਸਾਧੂ ਭਾ ਜੀ ਅਤੇ ਮੈਂ ਉਹਨਾਂ ਦੇ ਸਹਾਇਕ ਸਾਂ। ਹਿੰਮਤ ਸਿੰਘ ਸੋਢੀ, ਮੋਹਨਜੀਤ, ਡਾ:ਰਣਧੀਰ ਸਿੰਘ ਚੰਦ ਅਤੇ ਡਾ: ਆਤਮ ਹਮਰਾਹੀ ਵੀ ਵਾਰੋ ਵਾਰ ਇਸ ਸ਼ਾਖ਼ ਤੇ ਆਏ ਤੇ ਉੱਡ ਗਏ। ਅਸਾਂ ਉੱਡਣਹਾਰਾਂ ਲਈ ਤਾੜੀ ਵੱਜਣ ਹੀ ਵਾਲੀ ਸੀ, ਉਹ ਤਾਂ ਸ਼ੁਕਰ ਹੈ ਕਿ ਡਾ: ਦਲੀਪ ਸਿੰਘ ਦੀਪ ਵੇਲੇ ਸਿਰ ਬਹੁੜ ਪਏ ਅਤੇ ਸਾਨੂੰ ਵੱਖੋ-ਵੱਖਰੇ ਪ੍ਰੋਜੈਕਟ ਮਿਲ ਗਏ। ਖ਼ੈਰ ਚਾਹੀਦਾ ਤਾਂ ਇਹ ਸੀ ਕਿ ਪ੍ਰੋਫ਼ੈਸਰ ਸਾਹਿਬ ਨੂੰ ਕੋਈ ਇਹੋ ਜਿਹਾ ਕੰਮ ਦਿੱਤਾ ਜਾਂਦਾ ਜਿਸ ਦਾ ਸੰਬੰਧ ਉਹਨਾਂ ਦੀ ਸਿਰਜਣਾ ਨਾਲ ਹੁੰਦਾ। ਉਹ ਆਪਣੀਆਂ ਯਾਦਾਂ ਲਿਖਦੇ ਜਾਂ ਸੂਫ਼ੀਵਾਦ ਬਾਰੇ ਕੁਝ ਲਿਖਦੇ ਜਾਂ ਕਿਸੇ ਮਹਾਂਕਾਵਿ ਜਾਂ ਕਾਵਿ-ਨਾਟ ਦਾ ਅਨੁਵਾਦ ਕਰਦੇ। ਪਰ ਇਹ ਗੱਲ ਸਮੇਂ ਸਿਰ ਕਿਸੇ ਨੂੰ ਸੁੱਝੀ ਨਾ। ਸੋ ਖੋਜ ਸਹਾਇਕਾਂ ਨੇ ਕੁਝ ਅਧਿਆਇ ਲਿਖਣੇ ਜਿਨ੍ਹਾਂ ਨੂੰ ਪ੍ਰੋਫ਼ੈਸਰ ਸਾਹਿਬ ਨੇ ਸੋਧ ਕੇ ਅੰਤਿਮ ਰੂਪ ਦੇਣਾ ਹੁੰਦਾ। ਇਹ ਕੰਮ ਉਹਨਾਂ ਨੂੰ ਬੜਾ ਅਕੇਵੇਂ ਭਰਿਆ ਲੱਗਦਾ। ਉਹ ਬੜੀ ਵਾਰ ਸ਼ੁਰੂ ਕਰਦੇ, ਬੜੀ ਵਾਰ ਛੱਡਦੇ। ਪਰ ਕੰਮ ਤਾਂ ਆਖ਼ਰ ਮੁਕਾਉਣਾ ਹੀ ਸੀ। ਇਸ ਲਈ ਕਈ ਵਾਰ ਤਹੱਈਏ ਹੁੰਦੇ ਤੇ ਹਰ ਮਹੀਨੇ ਦੇ ਅੰਤ ਤੇ ਸਾਡੇ ਵਿਚਕਾਰ ਅਕਸਰ ਇਹ ਵਾਰਤਾਲਾਪ ਹੁੰਦਾ। ਪ੍ਰੋ ਸਾਹਿਬ ਪੁੱਛਦੇ, ਅੱਜ ਕਿੰਨੀ ਤਰੀਕ ਐ? ਮੈਂ ਤਰੀਕ ਦੱਸਦਾ, ਜਿਹੜੀ ਆਮ ਤੌਰ ‘ਤੇ 24 ਤੇ 31 ਦੇ ਵਿਚਕਾਰ ਹੁੰਦੀ। ਪ੍ਰੋ: ਸਾਹਿਬ ਕਹਿੰਦੇ: ਇਹ ਮਹੀਨਾ ਤਾਂ ਗਿਆ। ਹੁਣ ਆਪਾਂ ਅਗਲੇ ਮਹੀਨੇ ਤੋਂ ਕੰਮ ਨੂੰ ਅੱਗੇ ਲਾ ਲੈਣਾ, ਰੋਜ਼ ਸਵੇਰੇ ਤਿੰਨ ਘੰਟੇ ਝੁੱਟੀ ਲਾਇਆ ਕਰਾਂਗੇ। ਦੇਖ, ਝੁੱਟੀ ਲਫ਼ਜ਼ ਕਿੰਨਾ ਸੁਹਣਾ। ਉਹ ਝੁੱਟੀ ਲਫ਼ਜ਼ ਦੀ ਠੇਠਤਾ ਵਿੱਚ ਗੁਆਚ ਜਾਂਦੇ। ਇਹਦਾ ਕਾਫ਼ੀਆ ਛੁੱਟੀ ਨਾਲ ਮਿਲਦਾ। ਝੁੱਟੀ ਬਿਨਾਂ ਕਾਹਦੀ ਛੁੱਟੀ? ਨਵੇਂ ਲਫ਼ਜ਼ ਨੂੰ ਟੁਣਕਾ ਕੇ ਦੇਖਣਾ, ਉਸਦਾ ਮੁੱਲ ਅੰਕਣਾ, ਉਸ ਦਾ ਇਸਤੇਮਾਲ ਕਰਨਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ। ਉਹਨਾਂ ਦੀ ਗ਼ਜ਼ਲ ਦਾ ਮਤਲਾ ਇਸ ਤਰ੍ਹਾਂ ਹੈ:
ਚਿਰਾਂ ਦਾ ਭੇੜਿਆ ਹੋਇਆ ਹੈ
ਦਿਲ ਦਾ ਭਿੱਤ ਖੁੱਲ੍ਹਿਆ
ਉਹਨਾਂ ਦੀ ਯਾਦ ਨੂੰ ਖ਼ਬਰੇ ਹੈ
ਕਿਧਰੋਂ ਰਾਹ ਭੁੱਲਿਆ।
ਉਹਨਾਂ ਦੀ ਥਾਵੇਂ ਕੋਈ ਹੋਰ ਸ਼ਾਇਰ ਹੁੰਦਾ ਉਹ ਦਿਲ ਦਾ ਦਰਦ ਲਿਖਦਾ ਕਿਉਂਕਿ ਇੱਕ ਤਾਂ ਉਹਨੂੰ ਸ਼ਾਇਦ ਭਿੱਤ ਦਾ ਪਤਾ ਹੀ ਨਾ ਹੁੰਦਾ ਤੇ ਦੂਸਰੇ ਉਹਨੂੰ ਦਰ ਵਧੇਰੇ ਸੌਖਾ, ਮੁਲਾਇਮ, ਪ੍ਰਚਲਿਤ ਤੇ ਗ਼ਜ਼ਲ ਦੇ ਮਿਜ਼ਾਜ਼ ਲਈ ਵਧੇਰੇ ਮਾਫ਼ਕ ਲੱਗਣਾ ਸੀ। ਪਰ ਭਿੱਤ ਲਫ਼ਜ਼ ‘ਚੋਂ ਐਂਟੀਕ ਜਿਹੀ ਮਹਿਕ ਆਉਂਦੀ ਹੈ। ਪ੍ਰੋ: ਮੋਹਨ ਸਿੰਘ ਖ਼ੁਦ, ਜਦੋਂ ਮੈਂ ਉਹਨਾਂ ਨੂੰ ਮਿਲਿਆ, ਅਂੈਟੀਕ ਚੀਜ਼ ਵਰਗੀ ਸ਼ਖ਼ਸੀਅਤ ਹੋ ਚੁੱਕੇ ਸਨ, ਜਿਵੇਂ ਕੋਈ ਇਤਿਹਾਸ ਦੀ ਕਿਤਾਬ ਚੋਂ ਨਿਕਲ ਕੇ ਵਰਤਮਾਨ ਦੀਆਂ ਗਲੀਆਂ ਵਿੱਚ ਫ਼ਿਰਦਾ ਹੋਵੇ।
ਸ਼ਬਦਾਂ ਦੀ ਦੁਨੀਆਂ ਵਿੱਚ ਗੁਆਚਿਆਂ ਅਗਲਾ ਮਹੀਨਾ ਚੜ੍ਹ ਆਉਂਦਾ। ’31 ਫ਼ਰਵਰੀ’ ਆ ਜਾਂਦੀ, ਜੋ ਦਿੱਲੀ ਤੋਂ ਡਾ: ਨੂਰ ਕੱਢਦੇ ਸਨ। ਉਸ ਵਿੱਚ ਉਨੀ੍ਹਂ ਦਿਨੀਂ ਡਾ: ਹਰਿਭਜਨ ਸਿੰਘ ਪ੍ਰੋ: ਮੋਹਨ ਸਿੰਘ ਦੀਆਂ ਮਸ਼ਹੂਰ ਕਵਿਤਾਵਾਂ ਨੂੰ ਇੱਕ ਇੱਕ ਕਰਕੇ ਮਿਸਮਾਰ ਕਰ ਰਹੇ ਸਨ। ਕਦੀ ਜਾਇਦਾਦ, ਕਦੀ ਕੁੜੀ ਪੋਠੋਹਾਰ ਦੀ, ਕਦੀ ਤਾਜ ਮਹਿਲ ਡਾ: ਸਾਹਿਬ ਦੇ ਗਿਆਨ ਗੁਰਜ ਦੀ ਭੇਂਟ ਚੜ੍ਹ ਜਾਂਦਾ। ਪ੍ਰੋ: ਮੋਹਨ ਸਿੰਘ ਗੁੱਸੇ ਨਾਲ ਭਰ ਜਾਂਦੇ: ਇਹ ਓਹੀ ਹਰਿਭਜਨ ਸਿੰਘ ਹੈ ਜਿਸ ਨੇ ਮੈਨੂੰ ਆਪਣੀ ‘ਅੱਧਰੈਣੀ’ ਸਮਰਪਿਤ ਕੀਤੀ ਸੀ ਅਤੇ ਕਿਹਾ ਸੀ: ਇੱਕ ਚਿਣਗ ਸਾਨੂੰ ਵੀ ਚਾਹੀਦੀ। ਅੱਜ ਇਹ ਮੈਨੂੰ ਮਿਟਾ ਕੇ ਵੱਡਾ ਕਵੀ ਬਣਨਾ ਚਾਹੁੰਦਾ। ਕਹਿ ਦੇਈਂ ਆਪਣੇ ਦੋਸਤ ਨੂਰ ਨੂੰ, ਕਹਿ ਦੇਵੇ ਹਰਿਭਜਨ ਸਿੰਘ ਨੂੰ ਵੱਡੇ ਕਵੀ ਇਓਂ ਨਹੀਂ ਬਣਦੇ। ਪ੍ਰੋ: ਸਾਹਿਬ ਇਕੱਤੀ ਫ਼ਰਵਰੀ ਦਾ ਨਵਾਂ ਅੰਕ ਮੇਰੇ ਮੇਜ਼ ਤੇ ਪਲਟਾ ਕੇ ਮਾਰਦੇ: ਮੈਂ ਵੀ ਹਰਿਭਜਨ ਸਿੰਘ ਦੇ ਖ਼ਿਲਾਫ਼ ਲਿਖ ਸਕਦਾਂ, ਪਰ ਮੈਂ ਆਪਣਾ ਵਕਤ ਕਿਉਂ ਜ਼ਾਇਆ ਕਰਾਂ? ਇਹ ਹਰਿਭਜਨ ਸਿੰਘ ਦੀ ਇਨਸਕਿਓਰਿਟੀ ਐ ਮੇਰੇ ਸਾਹਮਣੇ। ਫ਼ਾਰਸੀ ਵਾਲੇ ਕਹਿੰਦੇ ਨੇ ਜੋ ਖ਼ਾਹਮਖ਼ਾਹ ਤੇਰੀ ਬੁਰਾਈ ਕਰੇ, ਉਸਨੂੰ ਆਪਣੀ ਚੰਗਿਆਈ ਨਾਲ ਸ਼ਰਮਿੰਦਾ ਕਰ ਦੇਹ। ਫ਼ਾਰਸੀ ਵਾਲੇ ਕਹਿੰਦੇ ਨੇ…ਇਹ ਵਾਕੰਸ਼ ਉਹਨਾਂ ਦੀ ਗੱਲਬਾਤ ਵਿੱਚ ਅਕਸਰ ਆ ਜਾਂਦਾ, ਜਿਵੇਂ ਸੇਖੋਂ ਸਾਹਿਬ ਦੀ ਗੱਲਬਾਤ ਵਿੱਚ : ਮੈਂ ਕਹਿੰਦਾ ਹੁੰਨਾਂ।
ਅਰਬੀ ਫ਼ਾਰਸੀ ਪ੍ਰੋ: ਮੋਹਨ ਸਿੰਘ ਹੁਰਾਂ ਲਈ ਬਹੁਤ ਵੱਡਾ ਸੋਮਾ ਸੀ। ਅਕਸਰ ਸਿਆਣਪ ਅਤੇ ਦ੍ਰਿਸ਼ਟਾਂਤ ਲਈ ਉਹ ਇਸ ਵੱਲ ਪਰਤਦੇ। ਇੱਕ ਵਾਰ ਅਸੀਂ ਐਮ:ਏ ਦੇ ਕੁਝ ਵਿਦਿਆਰਥੀ ਪਟਿਆਲੇ ਡਾ: ਦਲੀਪ ਕੌਰ ਟਿਵਾਣਾ ਦੇ ਘਰ ਦੀਆਂ ਪੌੜੀਆਂ ਉੱਤਰ ਰਹੇ ਸਾਂ। ਪ੍ਰੋ: ਸਾਹਿਬ ਉਹਨਾਂ ਨੂੰ ਮਿਲਣ ਜਾ ਰਹੇ ਸਨ। ਸਾਨੂੰ ਦੇਖ ਕੇ ਕਹਿਣ ਲੱਗੇ: ਰੇਗਿਸਤਾਨ ਵਿੱਚ ਜਦੋਂ ਕਿਸੇ ਨੂੰ ਨਮਾਜ਼ ਪੜ੍ਹਨ ਤੋਂ ਪਹਿਲਾਂ ਵੁਜ਼ੂ ਕਰਨ ਲਈ ਪਾਣੀ ਨਾ ਮਿਲਦਾ ਤੇ ਉਹ ਰੇਤ ਉੱਤੇ ਪਰਨਾ ਵਿਛਾ ਕੇ ਉਸਨੁੰ ਥਪਥਪਾਉਂਦਾ। ਜਿਹੜੀ ਰੇਤ ਛਣ ਕੇ ਪਰਨੇ ਉੱਤੇ ਆ ਜਾਂਦੀ ਉਸ ਨਾਲ ਵੁਜ਼ੂ ਕਰ ਲੇਂਦਾ। ਇਸ ਨੂੰ ਅਰਬੀ ਵਿੱਚ ਤਯੱਮਮ ਕਹਿੰਦੇ ਹਨ। ਤੁਹਾਡੀ ਪ੍ਰੋਫ਼ੈਸਰ ਕੋਲ ਹੁਣ ਤੱਕ ਤਾਂ ਪਾਣੀ ਸੀ। ਹੁਣ ,ਮੇਰੇ ਗਿਆਂ ਉਸਨੂੰ ਤਯੱਮਮ ਕਰਨਾ ਪੈ ਗਿਆ। ਮੈਂ ਤਾਂ ਅਰਬ ਦੀ ਰੇਤ ਆਂ।
ਇੱਕਤੀ ਫ਼ਰਵਰੀ ਦੇ ਦਿਨੀਂ ਰਹਿ ਰਹਿ ਕੇ ਪ੍ਰੋ: ਸਾਹਿਬ ਦੇ ਮਨ ਵਿੱਚ ਦੁੱਖ ਅਤੇ ਰੋਸ ਸੁਲਗ ਉੱਠਦਾ। ਉਹ ਕਦੇ ਕਦੇ ਇਕੱਲੇ ਮਹਿਸੂਸ ਕਰਦੇ। ਉਹਨਾਂ ਨੂੰ ਲੱਗਦਾ ਜਿਵੇਂ ਕੋਈ ਉਹਨਾਂ ਦਾ ਦੋਸਤ ਨਹੀਂ। ਉਹ ਕਹਿੰਦੇ; ਮੇਰੇ ਹੱਕ ਵਿੱਚ ਕੋਈ ਕਿਓਂ ਲਿਖੇ? ਮੈਂ ਕਿਸੇ ਨੂੰ ਕੀ ਫ਼ਾਇਦਾ ਪਹੁੰਚਾ ਸਕਦਾਂ? ਕੋਈ ਇੰਟਰਵਿਊਆਂ ਦਾ ਐਕਸਪਰਟ ਹੈ, ਕੋਈ ਥੀਸਿਸਾਂ ਦਾ ਐਗਜ਼ਾਮੀਨਰ। ਮੈਂ ਕੀ ਹਾਂ?
ਪ੍ਰੋ: ਮੋਹਨ ਸਿੰਘ ਉਹਨੀਂ ਦਿਨੀਂ ਬੁਰੀ ਤਰ੍ਹਾਂ ਆਹਤ ਅਤੇ ਇਕੱਲੇ ਮਹਿਸੂਸ ਕਰ ਰਹੇ ਸਨ। ਇੱਕ ਸਵੇਰ ਉਹ ਦਫ਼ਤਰ ਆਏ ਤਾਂ ਕਹਿਣ ਲੱਗੇ: ਪਾਤਰ ਇੱਕ ਕਵਿਤਾ ਸੁਣ:
ਬਿਰਖ਼ ਦੀ ਸ਼ਕਤੀ ਹੈ ਉਸਦੇ ਪੱਤਰਾਂ ਵਿੱਚ
ਪਰ ਜਦੋਂ ਪੱਤਰ ਝੜਨ
ਛੱਡ ਕੇ ਰਾਹੀ ਤੁਰਨ
ਪੰਛੀ ਉੜਨ

ਬੰਦੇ ਦੀ ਸ਼ਕਤੀ ਹੈ ਉਸਦੀ
ਲਾਭਦਾਇਕਤਾ ਦੇ ਵਿੱਚ
ਪਰ ਜਦੋਂ ਇਹ ਖ਼ਤਮ ਹੋਵੇ
ਮੁੱਕ ਜਾਵਣ ਮਹਿਫ਼ਿਲਾਂ
ਛੱਡ ਕੇ ਤੁਰ ਜਾਣ ਮਿੱਤਰ
ਗੱਲ ਵਚਿੱਤਰ

ਮੁੱਕਣ ਰਿਸ਼ਤੇ ਅਤਿ ਪਵਿੱਤਰ
ਪਿੱਛੇ ਰਹਿ ਜਾਵਣ ਸਿਰਫ਼
ਖੋਲ ਟੁੱਟੇ ਵਾਅਦਿਆਂ ਦੇ
ਗੂੰਜ ਝੂਠੇ ਹਾਸਿਆਂ ਦੀ
ਕਾਰਵਾਂ ਦੇ ਤੁਰਨ ਮਗਰੋਂ ਜਿਸ ਤਰ੍ਹਾਂ
ਚੁੱਲ੍ਹਿਆਂ ਵਿੱਚ ਸਹਿਮੇ ਹੋਏ
ਸੁਲਗਦੇ ਅੰਗਿਆਰ ਕੁਝ
ਹੌਲੀ ਹੌਲੀ ਜਾਣ ਬੁਝ

ਮੈਂ ਕਿਹਾ: ਪ੍ਰੋਫ਼ੈਸਰ ਸਾਹਿਬ, ਇਹ ਬਹੁਤ ਖ਼ੂਬਸੂਰਤ ਕਵਿਤਾ ਹੈ, ਕੌੜੇ ਸੱਚ ਦੀ ਸ਼ਕਤੀ ਨਾਲ ਦਘ ਰਹੀ।
ਪ੍ਰੋ: ਮੋਹਨ ਸਿੰਘ ਹੁਰਾਂ ਦਾ ਚਿਹਰਾ ਵੀ ਦਘਣ ਲੱਗਾ, ਕਹਿਣ ਲੱਗੇ: ਸ਼ੁਹਰਤ ਕੀ ਚੀਜ਼ ਹੈ, ਕੁਝ ਵੀ ਨਹੀਂ। ਮੈਂ ਲਿਖਿਆ ਸੀ:

ਪੰਛੀ ਹਵਾ ਨੂੰ ਕੱਟ ਕੇ ਜਾਵੇ ਅਗੇਰੇ ਲੰਘ
ਮਿਲ ਜਾਵੇ ਟੁੱਟਣ ਸਾਰ ਹੀ ਕੱਟੀ ਹਵਾ ਦਾ ਚੀਰ
ਕਿਸ਼ਤੀ ਦੀ ਨੋਕ ਤਿੱਖੜੀ ਪਾਣੀ ਤੇ ਕੱਢ ਸਿਆੜ
ਜਦ ਵਧਦੀ ਅਗਾਂਹ ਨੂੰ ਜੁੜ ਜਾਵੇ ਮੁੜ ਕੇ ਨੀਰ

ਜ਼ਿੰਦਗੀ ਸ਼ੁਹਰਤ ਨਾਲੋਂ ਵੱਡੀ ਚੀਜ਼ ਹੈ। ਮੈਂ ਮਨ ਦੀ ਸਲੇਟ ਨੂੰ ਨਿੱਕੇ ਮੋਟੇ ਕਲੇਸ਼ਾਂ ਤੋਂ ਸਾਫ਼ ਰੱਖਦਾ ਹਾਂ।
ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੀ ਵਡਿਆਈ ਉਸ ਦੇ ਠੋਸ ਧਰਾਤਲ ਵਿੱਚ ਹੈ। ਊਹਨਾਂ ਦੀ ਸ਼ਬਦਾਵਲੀ ਵਿੱਚ ਭਾਰੀ ਗਉਰੀ ਧਾਤ ਦੀ ਆਵਾਜ਼ ਹੈ। ਇਸ ਵਿੱਚ ਹੋਛੀ ਟੁਣਕਾਰ ਨਹੀਂ। ਹਰ ਸ਼ਬਦ ਆਪਣੀ ਫ਼ੇਸ ਵੈਲਿਊ ਤੋਂ ਵੱਧ ਮੁੱਲ ਦਾ ਹੈ। ਇਹ ਉਸ ਦੇਸ਼ ਦੀ ਕਰੰਸੀ ਵਾਂਗ ਨਹੀਂ ਜੋ ਆਪਣੇ ਵਿੱਤ ਤੋਂ ਵੱਧ ਨੋਟ ਛਾਪੀ ਜਾਂਦਾ ਹੈ। ਹਰ ਸ਼ਬਦ ਪਿੱਛੇ ਦਿਲ ਦੀ ਅੱਗ ਦਾ ਸੇਕ ਹੈ ਜਾਂ ਉਸ ਸੇਕ ਦੀ ਭੱਠੀ ਵਿੱਚ ਤਪੀ ਸਿਆਣਪ। ਉਹ ਕਵਿਤਾਵਾਂ ਜਿਨ੍ਹਾਂ ਵਿੱੱਚ ਉਹਨਾਂ ਨੇ ਵਾਦ ਨੂੰ ਕਵਿਤਾਇਆ ਹੈ ਬੇਸ਼ੱਕ ਵੱਖਰੀ ਕੋਟੀ ਵਿੱਚ ਆਉਂਦੀਆਂ ਹਨ, ਪਰ ਉਹਨਾਂ ਦੀ ਭਾਸ਼ਾ ਦਾ ਇੱਕ ਵੱਖਰਾ ਜਲੌਅ ਹੈ।
ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੀ ਇੱਕ ਹੋਰ ਵਡਿਆਈ ਉਸ ਦੇ ਕਾਵਿ ਰੂਪਾਂ ਅਤੇ ਵਿਸ਼ਿਆਂ ਦੀ ਰੇਂਜ ਵਿੱਚ ਹੈ ਜੋ ਬੈਂਤ ਤੋਂ ਲੈ ਕੇ ਬਲੈਂਕ ਵਰਸ ਤੱਕ, ਦੋਹੇ ਤੋਂ ਲੈ ਕੇ ਮਹਾਂਕਾਵਿ ਤੱਕ , ਮੰਗਲੀ ਤੋਂ ਮਾਓ ਜ਼ੇ ਤੁੰਗ ਤੱਕ, ਗੱਜਣ ਸਿੰਘ ਤੋਂ ਯੂਰੀ ਗਾਗਰਿਨ ਤੱਕ, ਸੁਹਾਂ ਦੇ ਕੰਢੇ ਤੇ ਟਿਮਕਦੇ ਟਟਹਿਣੇ ਤੋਂ ਲੈ ਕੇ ਚੰਦ ਤੇ ਉੱਤਰਣ ਵਾਲੇ ਲੋਹ-ਗਰੁੜ ਤੱਕ, ਕੁਦਰਤ ਦੇ ਸਾਵੇ ਪੱਤਰਾਂ ਤੋਂ ਲੈ ਕੇ ਸੱਭਿਆਚਾਰ ਦੇ ਬੂਹੇ ਤੱਕ ਫ਼ੈਲਿਆ ਹੋਇਆ ਹੈ।
ਜਿਹੜੇ ਦਿਨ ਦੀ ਸਵੇਰ ਨੂੰ ਮੈਨੂੰ ਪ੍ਰੋ: ਸਾਹਿਬ ਨੇ ਆਪਣੀ ਕਵਿਤਾ ਸੁਣਾਈ, ਉਸ ਦਿਨ ਦੀ ਸ਼ਾਮ ਨੂੰ ਪ੍ਰੋ: ਸਾਹਿਬ ਦੇ ਘਰ ਮਹਿਫ਼ਿਲ ਜੁੜੀ। ਪ੍ਰੋ: ਸਾਹਿਬ ਜ਼ਿੰਦਗੀ, ਖ਼ੁਸ਼ੀ ਅਤੇ ਖਿਲੰਦੜੇਪਨ ਨਾਲ ਭਰ ਗਏ। ਅਸੀਂ ਕਿਹਾ: ਪ੍ਰੋ ਸਾਹਿਬ ਆਪਣੀ ਨਵੀਂ ਲਿਖੀ ਕਵਿਤਾ ਸੁਣਾਓ। ਕਹਿਣ ਲੱਗੇ: ਨਹੀਂ ਕਵਿਤਾ ਨਹੀਂ, ਤੁਹਾਨੂੰ ਕਿਸੇ ਰਕਾਨ ਦਾ ਲਿਖਿਆ ਦੋਹਾ ਸੁਣਾਉਂਦਾ ਹਾਂ। ਉਹ ਕੰਨ ਤੇ ਹੱਥ ਰੱਖ ਕੇ ਗਾਉਣ ਲੱਗ ਪਏ:
ਕੰਬਲ ਫ਼ਟੇ ਤਾਂ ਟਾਂਕਾ ਲਾਵਾਂ
ਬੱਦਲ ਫ਼ਟੇ ਕਿੰਜ ਸੀਵਾਂ
ਖ਼ਸਮ ਮਰੇ ਤਾਂ ਕਰਾਂ ਗੁਜ਼ਾਰਾ
ਯਾਰ ਮਰੇ ਕਿੰਜ ਜੀਵਾਂ

ਭਾਵੇ ਮਹਿਫ਼ਿਲਾਂ ਵਿੱਚ ਅਜੇ ਵੀ ਮੋਹਨ ਸਿੰਘ ਚਹਿਕ ਉੱਠਦੇ ਸਨ, ਉਂਜ ਇਹ ਉਹਨਾਂ ਦੇ ਬਹੁਤ ਹੀ ਉਦਾਸ ਦਿਨ ਸਨ। ਕਈ ਕੰਬਲ ਅਤੇ ਕਈ ਬੱਦਲ ਫ਼ਟ ਚੁੱਕੇ ਸਨ। ਉਹਨਾਂ ਦਾ ਸ਼ਹਿਨਸ਼ਾਹ ਦੋਸਤ ਮਹਿੰਦਰ ਸਿੰਘ ਰੰਧਾਵਾ ਉਹਨਾਂ ਦੇ ਨਾਲ ਨਾਰਾਜ਼ ਹੋ ਚੁੱਕਿਆ ਸੀ। ਇੱਕ ਮਿੰਨੀ ਮੈਗ਼ਜ਼ੀਨ ਵਿਚ ਸੋਲਨ ਨੰਬਰ ਵੰਨ ਦੇ ਨਾਂ ਹੇਠ ਛਪੀ ਉਹਨਾਂ ਦੀ ਇੰਟਰਵਿਊ ਵਿੱਚ ਕਹੀਆਂ ਗੱਲਾਂ ਕਾਰਨ ਅੰਮ੍ਰਿਤਾ ਪ੍ਰੀਤਮ ਦਾ ਮਨ ਪ੍ਰੋ ਸਾਹਿਬ ਲਈ ਜ਼ਹਿਰ ਨਾਲ ਭਰ ਗਿਆ ਸੀ, ਯੂਨੀਵਰਸਿਟੀ ਦੀ ਨੌਕਰੀ ਖ਼ਤਮ ਹੋ ਚੁੱਕੀ ਸੀ,ਹੁਣੇ ਹੁਣੇ ਹਟੀ ਐਮਰਜੈਂਸੀ ਦੌਰਾਨ ਲਿਖੇ ਇੰਦਰਾ ਗਾਂਧੀ ਦੇ ਕਸੀਦੇ ਕਾਰਨ ਜੋਸ਼ੀਲੇ ਨੌਜਵਾਨ ਉਹਨਾਂ ਨੂੰ ਕੋਸ ਰਹੇ ਸਨ, ਨਨਕਾਇਣ ਨੂੰ ਸਾਈ ਤੇ ਲਿਖੀ ਕਵਿਤਾ ਕਿਹਾ ਜਾ ਰਿਹਾ ਸੀ।
ਉਹ ਅਨੇਕਾਂ ਤੀਰਾਂ ਨਾਲ ਵਿੰਨ੍ਹੇ ਪਏ ਸਨ। ਉਹ ਇਕੱਲੇ ਅਤੇ ਉਦਾਸ ਸਨ, ਪਰ ਉਹਨਾਂ ਦੀ ਕਵਿਤਾ ਤੇ ਉਹਨਾਂ ਦੀ ਪਤਨੀ ਸੁਰਜੀਤ ਉਹਨਾਂ ਦੇ ਨਾਲ ਸੀ। ਆਪਣੇ ਦਿਲ ਦੇ ਸਭ ਤੋਂ ਡੂੰਘੇ ਦੁੱਖ ਉਹਨਾਂ ਨੇ ਆਪਣੀ ਕਵਿਤਾ ਨੂੰ ਹੀ ਦੱਸੇ। ਮੀਰ ਵਿੱਚ ਮੇਰੀ ਇੱਕ ਗ਼ਜ਼ਲ ਛਪੀ ਸੀ:

ਜਿਸ ਦੇਹੀ ਵਿੱਚ ਸੂਰਜ ਅੰਬਰ ਚੰਦ ਸੀ
ਸਾਡੀ ਖ਼ਾਤਰ ਉਸਦਾ ਬੂਹਾ ਬੰਦ ਸੀ

ਇੱਕ ਸਵੇਰ ਪ੍ਰੋ: ਸਾਹਿਬ ਆਏ ਕਹਿਣ ਲੱਗੇ: ਪਾਤਰ ਤੇਰੀ ਗ਼ਜ਼ਲ ਦੀ ਜ਼ਮੀਨ ਵਿੱਚ ਇੱਕ ਗ਼ਜ਼ਲ ਲਿਖੀ ਐ, ਸੁਣ:
ਜਿੱਧਰ ਕਦਮ ਉਠਾਏ ਓਧਰ ਕੰਧ ਸੀ
ਜੋ ਬੂਹਾ ਖੜਕਾਇਆ ਓਹੀ ਬੰਦ ਸੀ

ਭਾਵੇਂ ਮੇਰੇ ਅੰਦਰ ਸੂਰਜ ਚੰਦ ਸੀ
ਫ਼ਿਰ ਵੀ ਬੜਾ ਹਨੇਰ੍ਹਾ ਜੀਵਨ ਪੰਧ ਸੀ

ਆਪਣੀ ਕਵਿਤਾ ਕੋਲ ਆਪਣੇ ਸਾਰੇ ਭੇਤ ਅਮਾਨਤ ਰੱਖ ਕੇ, ਇੱਕ ਭਰੀ ਮਹਿਫ਼ਿਲ ਦੀ ਸਵੇਰ ਨੂੰ ਉਹ ਹੈ ਤੋਂ ਸੀ ਹੋ ਗਏ। ਬਿਗਲਾਂ ਦੀ ਧੁਨ ਵਿੱਚ ਉਹਨਾਂ ਦਾ ਸਸਕਾਰ ਹੋਇਆ। ਦੂਜੇ ਦਿਨ ਦਿਨ ਸਵੇਰੇ ਅਖ਼ਬਾਰ ਵਿੱਚ ਬਹੁਤ ਵੱਡੀ ਖ਼ਬਰ ਸੀ। ਉਹਨਾਂ ਦੇ ਇੱਕ ਗੁਆਂਢੀ ਲੈਕਚਰਾਰ ਨੂੰ ਉਸ ਦਿਨ ਹੀ ਪਤਾ ਲੱਗਾ ਕਿ ਉਹ ਏਡਾ ਵੱਡਾ ਬੰਦਾ ਉਹਦੇ ਗੁਆਾਂਢ ਵਿੱਚ ਰਹਿੰਦਾ ਸੀ।

ਸ੍ਰੋਤ:-ਸੀਰਤ

Advertisements
This entry was posted in ਵਾਰਤਕ وارتک, ਸ਼ਖਸ਼ੀਅਤ and tagged . Bookmark the permalink.

3 Responses to ਪ੍ਰੋ: ਮੋਹਨ ਸਿੰਘ ਦੀ ਜਿੰਦਗੀ ਦੀ ਸ਼ਾਮ -ਸੁਰਜੀਤ ਪਾਤਰ

 1. jagdeep mankoo says:

  Excellent presentation

 2. raghbir says:

  ਜ਼ਿੰਦਗੀ ਸ਼ੁਹਰਤ ਨਾਲੋਂ ਵੱਡੀ ਚੀਜ਼ ਹੈ।

 3. Navsheen says:

  ਗੱਲ ਸੁਣ ਆਥਣੇ ਨੀ
  ਮੇਰੀਏ ਸਾਥਣੇ ਨੀ
  ਵਰਕੇ ਜ਼ਿੰਦਗੀ ਦੇ ਚਿੱਟੇ
  ਪਾ ਜਾ ਰੰਗ ਦੇ ਦੋ ਛਿੱਟੇ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s