ਸੁਖਾਂਤ (ਕਹਾਣੀ) – ਐਂਤਨ ਚੈਖਵ

ਹੈੱਡ ਗਾਰਡ ਨਿਕੋਲਾਈ ਨਿਕੋਲਾਏਵਿਚ ਸਟਿਚਕਿਨ ਨੇ ਛੁੱਟੀ ਵਾਲੇ ਇੱਕ ਦਿਨ ਲੁਬੋਵ ਗਰਿਗੋਰੀਏਵਨਾ ਨਾਮ ਦੀ ਖਾਸ ਔਰਤ ਨੂੰ ਇੱਕ ਜਰੂਰੀ ਗੱਲ ਲਈ ਆਪਣੇ ਘਰ ਬੁਲਾਇਆ . ਲੁਬੋਵ ਗਰਿਗੋਰੀਏਵਨਾ ਚਾਲ੍ਹੀਆਂ ਦੇ ਨੇੜੇ ਤੇੜੇ ਪ੍ਰਭਾਵਸ਼ਾਲੀ ਅਤੇ ਦਲੇਰ ਔਰਤ ਸੀ , ਜੋ ਲੋਕਾਂ ਦੀ ਸ਼ਾਦੀਆਂ ਦੇ ਇਲਾਵਾ ਅਜਿਹੇ ਸਾਰੇ ਜਰੂਰੀ ਬੰਦੋਬਸਤ ਕਰਾਉਣ ਵਿੱਚ ਵਿਚੋਲਗਿਰੀ ਕਰਦੀ ਸੀ , ਜਿਨ੍ਹਾਂ ਦੀ ਚਰਚਾ ਸੰਸਕਾਰੀ ਸਮਾਜ ਵਿੱਚ ਸਿਰਫ਼ ਫੁਸਫੁਸਾਹਟਾਂ ਵਿੱਚ ਹੁੰਦੀ ਹੈ . ਹਮੇਸ਼ਾ ਵਿਚਾਰਾਂ ਵਿੱਚ ਖੋਇਆ , ਗੰਭੀਰ ਅਤੇ ਹਾਸੇ ਠੱਠੇ ਤੋਂ ਕੋਹਾਂ ਦੂਰ ਰਹਿਣ ਵਾਲਾ ਸਟਿਚਕਿਨ , ਕੁੱਝ ਕੁੱਝ ਸ਼ਰਮਾਉਂਦਾ ਜਿਹਾ , ਆਪਣਾ ਸਿਗਾਰ ਜਲਾਂਦੇ ਹੋਏ ਕਹਿਣ ਲਗਾ ,

“ਤੁਹਾਨੂੰ ਮਿਲਕੇ ਮੈਨੂੰ ਖੁਸ਼ੀ ਹੋਈ . ਸਿਮੋਨ ਇਵਾਨੋਵਿਚ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਕੁੱਝ ਅਜਿਹੇ ਵਿਸ਼ੇਸ਼ ਅਤੇ ਅਹਿਮ ਮਸਲਿਆਂ ਉੱਤੇ ਮੇਰੀ ਮਦਦ ਕਰ ਸਕਦੀ ਹੋ , ਜਿਨ੍ਹਾਂ ਦਾ ਸਿੱਧਾ ਸਬੰਧ ਮੇਰੀ ਜਿੰਦਗੀ ਦੀਆਂ ਨਿਜੀ ਸੁਖ ਸਹੂਲਤਾਂ ਨਾਲ ਹੈ . ਲੁਬੋਵ ਗਰਿਗੋਰੀਏਵਨਾ , ਤੁਸੀਂ ਵੇਖ ਹੀ ਰਹੀ ਹੋ ਕਿ ਮੈਂ ਪਹਿਲਾਂ ਹੀ ਬਵੰਜਾ ਦੀ ਉਮਰ ਪਾਰ ਕਰ ਚੁੱਕਿਆ ਹਾਂ , ਇੱਕ ਅਜਿਹੀ ਉਮਰ ਜਿਸ ਵਿੱਚ ਬਹੁਤਿਆਂ ਦੀ ਔਲਾਦ ਵੀ ਭਰ ਜਵਾਨ ਹੋ ਚੁੱਕੀ ਹੋਵੇਗੀ . ਮੈਂ ਇੱਕ ਚੰਗੇ ਅਹੁਦੇ ਉੱਤੇ ਕੰਮ ਕਰਦਾ ਹਾਂ . ਹਾਲਾਂਕਿ ਮੇਰੇ ਕੋਲ ਬਹੁਤ ਜ਼ਿਆਦਾ ਜਾਇਦਾਦ ਨਹੀਂ ਹੈ , ਲੇਕਿਨ ਫਿਰ ਵੀ ਮੈਂ ਇੱਕ ਪ੍ਰੇਮਿਕਾ , ਪਤਨੀ ਜਾਂ ਬੱਚਿਆਂ ਦੀ ਪਰਵਰਿਸ਼ ਕਰ ਸਕਦਾ ਹਾਂ . ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਤਨਖਾਹ ਦੇ ਇਲਾਵਾ ਮੇਰੇ ਕੁੱਝ ਪੈਸੇ ਬੈਂਕ ਵਿੱਚ ਵੀ ਹਨ , ਜਿਨ੍ਹਾਂ ਨੂੰ ਮੈਂ ਆਪਣੀ ਸਿੱਧੀ ਸਾਦੀ ਅਤੇ ਈਮਾਨਦਾਰ ਜਿੰਦਗੀ ਜੀਂਦੇ ਹੋਏ ਬਚਾ ਰੱਖਿਆ ਸੀ . ਮੈਂ ਇੱਕ ਗੰਭੀਰ ਅਤੇ ਸੰਜਮੀ ਇਨਸਾਨ ਹਾਂ , ਅਤੇ ਇੱਕ ਸਨਮਾਨਜਨਕ ਅਤੇ ਬਾਜਾਬਤਾ ਜਿੰਦਗੀ ਜੀਵਿਆ ਹਾਂ , ਜੋ ਕਿ ਹੋਰਾਂ ਲਈ ਇੱਕ ਮਿਸਾਲ ਵੀ ਹੋ ਸਕਦੀ ਹੈ . ਅੱਜ ਜੋ ਚੀਜ ਮੇਰੇ ਕੋਲ ਨਹੀਂ ਹੈ , ਉਹ ਹੈ ਇੱਕ ਪਰਵਾਰਕ ਅਪਣੱਤ ਅਤੇ ਆਪਣੀ ਪਤਨੀ . ਮੇਰੀ ਹਾਲਤ ਦਰ ਦਰ ਭਟਕਦੇ ਮੇਗਿਆਰਾਂ(ਹੰਗਰੀ ਵਾਸੀ ਇੱਕ ਕਬੀਲਾ)ਵਰਗੀ ਹੈ , ਜਾਂ ਫਿਰ ਐਸੇ ਕਿਸੇ ਇਨਸਾਨ ਦੀ ਹੈ ਜੋ ਬਿਨਾਂ ਕਿਸੇ ਸੁਖ ਦੇ ਜੀਵਨ ਕੱਟਦਾ ਹੋਇਆ , ਕਿਸੇ ਵੀ ਅਜਿਹੇ ਸ਼ਖਸ ਕੋਲੋਂ ਦੂਰ ਰਹਿੰਦਾ ਹੈ ਜਿਸਦੇ ਨਾਲ ਉਹ ਆਪਣਾ ਦੁੱਖ ਵੰਡ ਸਕੇ , ਬੀਮਾਰ ਹੋਣ ਉੱਤੇ ਇੱਕ ਗਲਾਸ ਪਾਣੀ ਮੰਗ ਸਕੇ . ਔਰ .. ਲੁਬੋਵ ਗਰਿਗੋਰੀਏਵਨਾ , ਮੇਰੀ ਇਸ ਤਰ੍ਹਾਂ ਦੀ ਅਰਜ ਦੀ ਇੱਕ ਹੋਰ ਵਜ੍ਹਾ ਇਹ ਹੈ ਕਿ ਸ਼ਾਦੀਸ਼ੁਦਾ ਇਨਸਾਨ ਕਿਸੇ ਗੈਰ ਸ਼ਾਦੀਸ਼ੁਦਾ ਦੇ ਮੁਕਾਬਲੇ ਸਮਾਜ ਵਿੱਚ ਜ਼ਿਆਦਾ ਕਦਰ ਦਾ ਹੱਕਦਾਰ ਹੁੰਦਾ ਹੈ . ਮੈਂ ਪੜ੍ਹੇ ਲਿਖੇ ਤਬਕੇ ਨਾਲ ਬਾਵਸਤਾ ਹਾਂ , ਮੇਰੇ ਕੋਲ ਪੈਸੇ ਹਨ , ਲੇਕਿਨ ਜੇਕਰ ਤੁਸੀਂ ਦੂਜੇ ਨਜਰੀਏ ਤੋਂ ਵੇਖੋ , ਤਾਂ ਇਸ ਸਭ ਦੇ ਬਾਵਜੂਦ , ਮੈਂ ਹਾਂ ਕੀ ? ਇੱਕ ਬ੍ਰਹਮਚਾਰੀ , ਜਿਨ੍ਹੇ ਕੋਈ ਕਸਮ ਸਹੁੰ ਖਾ ਰੱਖੀ ਹੋਵੇ . ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ , ਮੈਂ ਕਿਸੇ ਲਾਇਕ ਔਰਤ ਨਾਲ ਵਿਆਹ ਬੰਧਨ ਵਿੱਚ ਬੱਝਣ ਦੀ ਆਪਣੀ ਦਿਲੀ ਖਾਹਸ਼ ਸਾਫ਼ ਕਰ ਦੇਣਾ ਚਾਹਵਾਂਗਾ . ”

“ ਵਧੀਆ ਗੱਲ ਹੋਵੇਗੀ . ” ਵਿਚੋਲਗੀਰ ਲੁਬੋਵ ਨੇ ਹੌਕਾ ਜਿਹਾ ਭਰਦਿਆਂ ਕਿਹਾ .

“ਮੈਂ ਹੁਣ ਇਕੱਲਾ ਹਾਂ , ਅਤੇ ਇਸ ਸ਼ਹਿਰ ਵਿੱਚ ਕਿਸੇ ਨਾਲ ਮੇਰੀ ਜਾਣ ਪਹਿਚਾਣ ਵੀ ਨਹੀਂ ਹੈ . ਸਾਰੇ ਅਜਨਬੀ ਹੀ ਨੇ , ਮੈਂ ਜਾ ਆ ਵੀ ਕਿੱਥੇ ਸਕਦਾ ਹਾਂ . ਅਤੇ ਕੁੱਝ ਕਹਿ-ਸੁਣ ਵੀ ਕਿਸ ਨਾਲ ਸਕਦਾ ਹਾਂ ? ਇਸ ਲਈ ਸਿਮੋਨ ਇਵਾਨੋਵਿਚ ਨੇ ਮੈਨੂੰ ਕਿਸੇ ਅਜਿਹੇ ਇਨਸਾਨ ਦੇ ਕੋਲ ਜਾਣ ਦੀ ਸਲਾਹ ਦਿੱਤੀ ਜੋ ਇਸ ਕੰਮ ਵਿੱਚ ਮਾਹਰ ਹੋਵੇ ਅਤੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਭਰਨਾ ਹੀ ਉਸਦਾ ਪੇਸ਼ਾ ਹੋਵੇ . ਤੇ , ਮੈਂ ਤੁਹਾਨੂੰ ਇਹ ਗੁਜਾਰਿਸ਼ ਕਰਦਾ ਹਾਂ ਕਿ ਤੁਸੀਂ ਮੇਰੇ ਆਉਣ ਵਾਲੇ ਕੱਲ ਨੂੰ ਸੰਵਾਰਨ ਵਿੱਚ ਮੇਰੀ ਮਦਦ ਕਰੋ . ਤੁਹਾਡੇ ਕੋਲ ਸ਼ਹਿਰ ਦੀਆਂ ਸਾਰੀਆਂ ਲਾਇਕ ਲੜਕੀਆਂ ਦੀ ਤਫਸੀਲ ਹੈ , ’ਤੇ ਤੁਸੀਂ ਸੌਖਿਆਂ ਹੀ ਮੇਰੀ ਗੱਲ ਬਣਾ ਸਕਦੀ ਹੋ . . . . . ”

“ਹਾਂ , ਬਿਲਕੁਲ . ”

“ ਪੀਉ , ਕ੍ਰਿਪਾ ਕਰਕੇ , ਪੀਉ . . . . . ”

ਆਪਣੇ ਆਦਤਨ ਅੰਦਾਜ਼ ਨਾਲ ਲੁਬੋਵ ਨੇ ਗਲਾਸ ਆਪਣੇ ਬੁੱਲ੍ਹਾਂ ਨਾਲ ਲਗਾਇਆ ਅਤੇ ਬਿਨਾਂ ਪਲਕ ਝਪਕਾਏ ਖਾਲੀ ਕਰ ਦਿੱਤਾ .
“ਜਰੂਰ ਹੋ ਸਕਦਾ ਹੈ . ” ਉਸਨੇ ਜਵਾਬ ਦਿੱਤਾ , “ਅਤੇ ਦੁਲਹਨ … ਤੁਸੀਂ ਕਿਸ ਤਰ੍ਹਾਂ ਦੀ ਕੁੜੀ ਪਸੰਦ ਕਰੋਗੇ , ਮਿ . ਨਿਕੋਲਾਈ ਨਿਕੋਲਾਏਵਿਚ ? ”

“ਮੈਂ , ਜੋ ਵੀ ਮੇਰੀ ਕਿਸਮਤ ਨੂੰ ਮਨਜ਼ੂਰ ਹੋਵੇ . ”

“ਬਿਲਕੁਲ ਠੀਕ ਫਰਮਾਇਆ , ਸਹੀ ਹੈ , ਇਹ ਕਿਸਮਤ ਦਾ ਹੀ ਸੌਦਾ ਹੁੰਦਾ ਹੈ , ਲੇਕਿਨ ਫਿਰ ਵੀ , ਹਰ ਆਦਮੀ ਦਾ ਪਸੰਦ ਨਾਪਸੰਦ ਦਾ ਆਪਣਾ ਇੱਕ ਪੈਮਾਨਾ ਹੁੰਦਾ ਹੈ . ਕਿਸੇ ਨੂੰ ਕਾਲੇ ਵਾਲਾਂ ਵਾਲੀ ਔਰਤ ਭਾਉਂਦੀ ਹੈ , ਤਾਂ ਕਿਸੇ ਨੂੰ ਭੂਰੇ . . . . ”

ਇੱਕ ਡੂੰਘਾ ਸਾਹ ਲੈਂਦੇ ਹੋਏ ਸਟਿਚਕਿਨ ਨੇ ਕਿਹਾ “ਲੁਬੋਵ ਗਰਿਗੋਰੀਏਵਨਾ , ਮੈਂ ਇੱਕ ਗੰਭੀਰ ਮਿਜਾਜ ਵਾਲਾ ਦ੍ਰਿੜ ਚਰਿੱਤਰ ਆਦਮੀ ਹਾਂ . ਮੇਰੇ ਲਈ ਖੂਬਸੂਰਤੀ ਅਤੇ ਰੂਪ ਰੰਗ ਵਰਗੀਆਂ ਬਾਹਰੀ ਚੀਜਾਂ ਕਦਾਚਿਤ ਪ੍ਰਮੁੱਖਤਾ ਨਹੀਂ ਰੱਖਦੀਆਂ , ਕਿਉਂਕਿ , ਜਿਵੇਂ ਤੁਹਾਨੂੰ ਪਤਾ ਵੀ ਹੈ , ਕਿ ਚਿਹਰਾ ਆਖ਼ਿਰਕਾਰ ਕੇਵਲ ਚਿਹਰਾ ਮਾਤਰ ਹੁੰਦਾ ਹੈ , ਅਤੇ ਇੱਕ ਖੂਬਸੂਰਤ ਪਤਨੀ ਹੋਣ ਮਤਲਬ ਬਹੁਤ ਸਾਰੀਆਂ ਉਲਝਣਾਂ ਅਤੇ ਪਰੇਸ਼ਾਨੀਆਂ ਦੇ ਵੱਸ ਪੈਣਾ ਵੀ ਹੁੰਦਾ ਹੈ . ਮੇਰੇ ਹਿਸਾਬ , ਇੱਕ ਔਰਤ ਦਾ ਸੁਹੱਪਣ ਉਹ ਨਹੀਂ ਹੈ ਜੋ ਸਾਨੂੰ ਬਾਹਰੋਂ ਦਿਸਦਾ ਹੈ , ਸਗੋਂ ਉਹ ਕਿਤੇ ਉਸਦੇ ਅੰਦਰ ਛੁਪੀ ਚੀਜ਼ ਹੁੰਦਾ ਹੈ . ਮੇਰਾ ਭਾਵ ਹੈ ਕਿ ਉਸਦਾ ਦਿਲ ਸਾਫ਼ ਹੋਣਾ ਚਾਹੀਦਾ ਹੈ ਅਤੇ ਇੰਜ ਹੀ ਕੁੱਝ ਹੋਰ ਗੁਣ ਹੋਣੇ ਚਾਹੀਦੇ ਹਨ ਉਸ ਵਿੱਚ . ਪੀਉ …ਇੱਕ ਹੋਰ ਲਓ , ਪਲੀਜ , ਇੱਕ ਹੋਰ . . . . . ਠੀਕ ਤਾਂ ਇਹ ਵੀ ਹੋਵੇਗਾ ਜੇਕਰ ਇੱਕ ਤੰਦਰੁਸਤ ਪਤਨੀ ਮਿਲੇ , ਲੇਕਿਨ ਸਾਥੀ-ਭਾਵਨਾ ਦੇ ਸਾਹਮਣੇ ਇਹ ਵੀ ਕੋਈ ਓਨੀ ਜਰੂਰੀ ਚੀਜ ਨਹੀਂ ਹੋਵੇਗੀ : ਸਭ ਤੋਂ ਅਹਿਮ ਹੈ ਸਮਝ . ਲੇਕਿਨ ਉਥੇ ਹੀ ਦੂਜੀ ਤਰਫ , ਇਸਦੇ ਵੀ ਕੁੱਝ ਖਾਸ ਮਾਅਨੇ ਨਹੀਂ , ਕਿਉਂਕਿ ਜੇਕਰ ਉਹ ਜ਼ਿਆਦਾ ਸਮਝ ਵਾਲੀ ਨਿਕਲੀ ਤਾਂ ਦਿਮਾਗ ਕੁੱਝ ਜ਼ਿਆਦਾ ਹੀ ਚਲਾਵੇਗੀ , ਆਪਣੇ ਬਾਰੇ ਹੀ ਸੋਚਦੀ ਰਹੇਗੀ ਅਤੇ ਉਸਦੇ ਜਿਹਨ ਵਿੱਚ ਉਲੂਲ ਜੁਲੂਲ ਖਿਆਲ ਆਉਂਦੇ ਹੀ ਰਹਿਣਗੇ . ਇਹ ਕੋਈ ਕਹਿਣ ਦੀ ਗੱਲ ਤਾਂ ਨਹੀਂ ਹੈ , ਲੇਕਿਨ ਅੱਜਕੱਲ੍ਹ ਦੇ ਇਸ ਦੌਰ ਵਿੱਚ ਚੰਗੀ ਸਿੱਖਿਆ ਦੇ ਬਿਨਾਂ ਵੀ ਗੱਲ ਨਹੀਂ ਬਣੇਗੀ , ਲੇਕਿਨ ਇਸ ਮਾਮਲੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀ ‘ਪੜਾਈ – ਪੜਾਈ’. ਇਹ ਤਾਂ ਅਤਿ ਉੱਤਮ ਹੋਵੇਗਾ ਕਿ ਤੁਹਾਡੀ ਪਤਨੀ ਇਕੱਠੇ ਫਰੇਂਚ , ਜਰਮਨ ਅਤੇ ਅਜਿਹੀਆਂ ਹੋਰ ਵੀ ਕੀ ਭਾਸ਼ਾਵਾਂ ਵਿੱਚ ਬੁੜਬੁੜ ਕਰ ਸਕਣਯੋਗ ਹੋਵੇ , ਲੇਕਿਨ ਇਸ ਸਭ ਦਾ ਕੀ ਫਾਇਦਾ ਜੇਕਰ ਉਸਨੂੰ ਬਟਨ ਟਾਂਕਣ ਦਾ ਸ਼ਊਰ ਨਹੀਂ ਆਉਂਦਾ ? ਮੈਂ ਇੱਕ ਪੜ੍ਹੇ ਲਿਖੇ ਤਬਕੇ ਨਾਲ ਬਾਵਸਤਾ ਹਾਂ , ਮੈਂ ਕਹਿ ਸਕਦਾ ਹਾਂ ਕਿ ਪ੍ਰਿੰਸ ਕੇਨਿਤਲਿਨ ਤੱਕ ਨਾਲ ਮੇਰੀ ਉਵੇਂ ਹੀ ਗੱਲਬਾਤ ਰਹੀ ਹੈ , ਜਿਵੇਂ ਹੁਣ ਤੁਹਾਡੇ ਨਾਲ ਹੈ , ਲੇਕਿਨ ਮੈਂ ਆਪਣੇ ਤਰੀਕੇ ਦਾ ਸਧਾਰਣ ਇਨਸਾਨ ਹਾਂ . ਮੈਨੂੰ ਇੱਕ ਸਿੱਧੀ ਸਾਦੀ ਕੁੜੀ ਚਾਹੀਦੀ ਹੈ . ਜਰੂਰੀ ਸਿਰਫ ਇਹ ਹੈ ਕਿ ਉਹ ਮੈਨੂੰ ਤਰਜੀਹ ਦੇਵੇ , ਅਤੇ ਆਪਣੀ ਖੁਸ਼ੀਆਂ ਲਈ ਮੇਰੀ ਸ਼ੁਕਰਗੁਜ਼ਾਰ ਹੋਵੇ .

“ ਜਾਹਰ ਜਿਹੀ ਗੱਲ ਹੈ . ”

“ਠੀਕ ਹੈ ਫਿਰ , ਤਾਂ ਹੁਣ ਸਭ ਤੋਂ ਜਰੂਰੀ ਮਸਲੇ ਉੱਤੇ ਆਉਂਦੇ ਹਾਂ . . . . ਮੈਨੂੰ ਕੋਈ ਅਮੀਰ ਕੁੜੀ ਨਹੀਂ ਚਾਹੀਦੀ . ਮੈਂ ਅਜਿਹੀ ਕਿਸੇ ਵੀ ਚੀਜ ਦੇ ਸਾਹਮਣੇ ਨਹੀਂ ਝੁਕ ਸਕੂੰਗਾ ਜੋ ਮੈਨੂੰ ਅਹਿਸਾਸ ਕਰਾਏ ਕਿ ਮੈਂ ਪੈਸੇ ਦੀ ਵਜ੍ਹਾ ਨਾਲ ਵਿਆਹ ਕਰ ਰਿਹਾ ਹਾਂ . ਮੈਂ ਆਪਣੀ ਪਤਨੀ ਦੀ ਕਮਾਈ ਰੋਟੀ ਨਹੀਂ ਖਾਣਾ ਚਾਹੁੰਦਾ , ਮੈਂ ਚਾਹੁੰਦਾ ਹਾਂ ਕਿ ਉਹ ਮੇਰਾ ਕਮਾਇਆ ਖਾਵੇ , ਅਤੇ ਇਸਨੂੰ ਸਮਝੇ ਵੀ . ਲੇਕਿਨ ਹਾਂ , ਮੈਨੂੰ ਕਿਸੇ ਗਰੀਬ ਕੁੜੀ ਤੋਂ ਵੀ ਗੁਰੇਜ਼ ਹੈ . ਹਾਲਾਂਕਿ ਮੈਂ ਇੱਕ ਅਸੂਲੀ ਆਦਮੀ ਹਾਂ , ਅਤੇ ਮੈਂ ਪੈਸੇ ਲਈ ਨਹੀਂ , ਸਗੋਂ ਪਿਆਰ ਲਈ ਵਿਆਹ ਕਰਨਾ ਚਾਹੁੰਦਾ ਹਾਂ , ਲੇਕਿਨ ਇਸਦੇ ਲਈ ਇੱਕ ਗਰੀਬ ਕੁੜੀ ਵੀ ਨਹੀਂ ਚੱਲੇਗੀ , ਕਿਉਂਕਿ , ਤੁਹਾਨੂੰ ਤਾਂ ਪਤਾ ਹੀ ਹੈ ਕਿ ਕੀਮਤਾਂ ਕਿਸ ਤਰ੍ਹਾਂ ਅਸਮਾਨ ਛੂਹਣ ਲੱਗੀਆਂ ਹਨ , ਅਤੇ ਫਿਰ ਅੱਗੇ ਬੱਚੇ ਵੀ ਹੋਣਗੇ ਹੀ . ”

“ਮੈਂ ਦਹੇਜ ਵਾਲੀ ਕੁੜੀ ਵੀ ਖੋਜ ਸਕਦੀ ਹਾਂ , ” ਲੁਬੋਵ ਗਰਿਗੋਰੀਏਵਨਾ ਨੇ ਕਿਹਾ .

“ਪਲੀਜ , ਥੋੜ੍ਹਾ ਹੋਰ ਡ੍ਰਿੰਕ ਲਓ . . . . ”

ਦੋਨਾਂ ਦੇ ਵਿੱਚ ਲੱਗਭੱਗ ਪੰਜ ਮਿੰਟ ਤੱਕ ਚੁੱਪੀ ਛਾਈ ਰਹੀ . ਫਿਰ ਵਿਚੋਲਗੀਰ ਲੁਬੋਵ ਨੇ ਇੱਕ ਉਬਾਸੀ ਲਈ , ਅਤੇ ਜਨਾਬ ਗਾਰਡ ਉੱਤੇ ਤਿਰਛੀ ਨਜ਼ਰ ਸੁੱਟਦੇ ਹੋਏ ਬੋਲੀ , “ ਠੀਕ ਹੈ ਸਰ . . ਇਹ ਦੱਸੋ ਭਲਾ ਕੁੰਵਾਰੀ ਕਿਵੇਂ ਦੀ ਰਹੇਗੀ ? ਮੇਰੇ ਕੋਲ ਕੁੱਝ ਅਜਿਹੇ ਸੌਦੇ ਵੀ ਹਨ . ਇੱਕ ਫਰੇਂਚ ਅਤੇ ਦੂਜੀ ਗਰੀਕ , ਦੋਨਾਂ ਹੀ ਠੀਕ ਠਾਕ . ”

ਸਟਿਚਕਿਨ ਨੇ ਇਸ ਉੱਤੇ ਵਿਚਾਰ ਕੀਤਾ , ਬੋਲਿਆ :

“ਜੀ ਨਹੀਂ , ਧੰਨਵਾਦ . ਹੁਣ , ਇਹ ਦੇਖਣ ਲਈ ਕਿ ਇੱਕ ਅਸਾਮੀ ਦੇ ਨਾਲ ਤੁਹਾਡੀ ਡੀਲ ਕਿਸ ਤਰ੍ਹਾਂ ਨਾਲ ਪੂਰੀ ਹੁੰਦੀ ਹੈ , ਕੀ ਮੈਂ ਪੁਛ ਸਕਦਾ ਹਾਂ : ਤੁਸੀਂ ਆਪਣੀ ਇਸਦਾ ਸੇਵਾਫਲ ਕੀ ਲਵੋਗੇ ? ”

“ਮੈਂ ਜ਼ਿਆਦਾ ਦੀ ਆਸ਼ ਨਹੀਂ ਕਰਦੀ . ਮੈਨੂੰ ਬਸ ਇੱਕ ਪੰਝੀ ਰੂਬਲ ਦਾ ਨੋਟ , ਅਤੇ ਕੰਮ ਹੋ ਜਾਣ ਉੱਤੇ ਇੱਕ ਸੂਟ ਲੈ ਦਿਓ , ਮੈਂ ਸ਼ੁਕਰਗੁਜਾਰ ਹੋਉਂਗੀ ਤੁਹਾਡੀ . . . . ਅਤੇ ਜੇਕਰ ਦਹੇਜ ਵਾਲੀ ਗੱਲ ਹੋਈ , ਤਾਂ ਮਾਮਲਾ ਥੋੜ੍ਹਾ ਵੱਖ ਹੋਵੇਗਾ ਅਤੇ ਤੁਸੀਂ ਮੈਨੂੰ ਇਲਾਵਾ ਵੀ ਕੁੱਝ ਦੇਵੋਗੇ . ”

ਸਟਿਚਕਿਨ ਨੇ ਦੋਨੋਂ ਹੱਥ ਮੋੜੇ , ਅਤੇ ਉਨ੍ਹਾਂ ਨੂੰ ਸੀਨੇ ਨਾਲ ਲਾਉਂਦੇ ਹੋਏ ਸ਼ਰਤ ਉੱਤੇ ਗੌਰ ਕਰਨ ਲਗਾ . ਫਿਰ ਇੱਕ ਸਾਹ ਭਰਦੇ ਹੋਏ ਬੋਲਿਆ :
“ਇੰਨੀ ਫੀਸ ਤਾਂ ਬਹੁਤ ਜ਼ਿਆਦਾ ਹੋਵੇਗੀ”

“ ਕੀ ਕਿਹਾ , ਇਹ ਕਿਸੇ ਵੀ ਲਿਹਾਜ਼ ਨਾਲ ਜ਼ਿਆਦਾ ਨਹੀਂ ਹੈ . ਪਹਿਲੇ ਜ਼ਮਾਨੇ ਵਿੱਚ , ਜਦੋਂ ਇਸ ਤਰ੍ਹਾਂ ਬਹੁਤ ਸਾਰੀਆਂ ਸ਼ਾਦੀਆਂ ਹੁੰਦੀਆਂ ਸਨ , ਤਦ ਅਸੀਂ ਘੱਟ ਰਕਮ ਲੈਂਦੇ ਸਾਂ . ਲੇਕਿਨ ਹੁਣ ਦਾ ਜਿਹੋ ਜਿਹਾ ਰਵਾਜ ਹੈ , ਉਸ ਵਿੱਚ ਸਾਨੂੰ ਮਿਹਨਤਾਨੇ ਦੇ ਨਾਮ ਉੱਤੇ ਮਿਲਦਾ ਹੀ ਕੀ ਹੈ ? ਜੇਕਰ ਮੈਨੂੰ ਮਹੀਨੇ ਭਰ ਵਿੱਚ , ਬਿਨਾਂ ਉਧਾਰ ਦੇ ਵਾਅਦੇ ਦੇ ਪੰਝੀ ਰੂਬਲ ਦੇ ਦੋ ਨੋਟ ਮਿਲ ਜਾਣ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੂੰਗੀ . ਅਤੇ ਤੁਹਾਨੂੰ ਤਾਂ ਪਤਾ ਹੀ ਹੈ . ਆਮ ਸ਼ਾਦੀਆਂ ਵਿੱਚ ਤਾਂ ਸਾਨੂੰ ਕੁੱਝ ਵੀ ਨਹੀਂ ਮਿਲਦਾ . ”

ਸਟਿਚਕਿਨ ਨੇ ਔਰਤ ਦੀ ਤਰਫ ਵੇਖਿਆ ਅਤੇ ਅਚਾਨਕ ਮੋਢੇ ਛੰਡੇ .

“ਤੁਹਾਡਾ ਭਾਵ ਹੈ ਕਿ ਇੱਕ ਮਹੀਨੇ ਵਿੱਚ ਪੰਝੀ ਰੂਬਲ ਦੇ ਦੋ ਨੋਟ ਪਾ ਲੈਣਾ ਛੋਟੀ ਕਮਾਈ ਹੈ ? ”

“ਬਹੁਤ ਹੀ ਛੋਟੀ . ਪਹਿਲਾਂ ਦੇ ਜਮਾਨੇ ਵਿੱਚ ਤਾਂ ਅਸੀਂ ਕਦੇ ਕਦੇ ਸੌ ਰੂਬਲ ਤੋਂ ਵਧ ਵੀ ਬਣਾ ਲੈਂਦੇ ਸਾਂ . ”

“ਮੈਨੂੰ ਤਾਂ ਅਹਿਸਾਸ ਹੀ ਨਹੀਂ ਸੀ ਕਿ ਤੁਹਾਡੇ ਵਾਲੇ ਕੰਮ-ਕਾਜ ਵਿੱਚ ਇੱਕ ਔਰਤ ਇੰਨਾ ਅੱਛਾ ਕਮਾ ਸਕਦੀ ਹੈ . ਪੰਜਾਹ ਰੂਬਲ ! ਹਰ ਕਿਸੇ ਦੀ ਕਮਾਈ ਇੰਨੀ ਨਹੀਂ ਹੁੰਦੀ . ਥੋੜ੍ਹੀ ਜਿਹੀ ਹੋਰ ਲਓ , ਥੋੜ੍ਹੀ . . . . ”

ਲੁਬੋਵ ਨੇ ਗਲਾਸ ਨੂੰ ਪਲਕ ਝਪਕਣ ਤੋਂ ਪਹਿਲਾਂ ਖਾਲੀ ਕਰ ਦਿੱਤਾ. ਸਟਿਚਕਿਨ ਨੇ ਉਸਨੂੰ ਸਿਰ ਤੋਂ ਪੈਰ ਤੱਕ ਵੇਖਦਾ ਰਿਹਾ . ਫਿਰ ਬੋਲਿਆ :
“ਪੰਜਾਹ ਰੂਬਲ . . . . ਇੱਕ ਸਾਲ ਦੇ ਭਾਵ ਛੇ ਸੌ ਰੂਬਲ . . . ਗਲਾਸ ਭਰ ਲਓ . . . ਕਿਉਂ , ਤੁਹਾਡੀ ਤਰ੍ਹਾਂ ਦੀ ਕਮਾਈ ਨਾਲ ਤਾਂ . . . ਲੁਬੋਵ ਗਰਿਗੋਰੀਏਵਨਾ , ਤੁਸੀਂ ਤਾਂ ਸੌਖ ਨਾਲ ਆਪਣੇ ਲਈ ਕਿਸੇ ਨੂੰ ਚੁਣ ਸਕਦੀ ਹੋ . ”

“ਮੇਰੇ ਲਈ ? ” , ਲੁਬੋਵ ਗਰਿਗੋਰੀਏਵਨਾ ਹੱਸਣ ਲੱਗੀ , “ਮੈਂ ਤਾਂ ਬੁਢੀ ਹੋ ਚੁੱਕੀ ਹਾਂ . ”

“ਬਿਲਕੁਲ ਨਹੀਂ , . . . . ਤੁਸੀਂ ਹੁਣ ਵੀ ਕਾਫ਼ੀ ਖੂਬਸੂਰਤ ਹੋ , ਚਿਹਰਾ ਵੀ ਭਰਵਾਂ ਹੈ , ਅਤੇ ਦੂਜੀਆਂ ਸਾਰੀਆਂ ਖੂਬੀਆਂ ਵੀ ਨੇ . . . . ? ”

ਲੁਬੋਵ ਆਤਮ ਗੌਰਵ ਨਾਲ ਫੁੱਲਦੀ ਹੋਈ ਸ਼ਰਮਾਉਣ ਲੱਗੀ . ਸਟਿਚਕਿਨ ਵੀ ਸ਼ਰਮ ਜਿਹਾ ਮਹਿਸੂਸ ਕਰਦੇ ਹੋਏ ਉਸਦੀ ਬਗਲ ਵਿੱਚ ਬੈਠ ਗਿਆ .

“ਸੱਚ ਦੱਸਾਂ , ਤੁਸੀਂ ਬਹੁਤ ਹੀ ਆਕਰਸ਼ਕ ਹੋ . ਜੇਕਰ ਤੁਸੀਂ ਕਿਸੇ ਅਜਿਹੇ ਸ਼ਖਸ ਨਾਲ ਵਿਆਹ ਰਚਾਓ , ਜੋ ਧੀਰ – ਗੰਭੀਰ ਹੋਣ ਦੇ ਨਾਲ ਸੋਚ ਸਮਝਕੇ ਖਰਚ ਕਰਨ ਵਾਲਾ ਹੋਵੇ , ਤਾਂ ਉਸਦੀ ਤਨਖਾਹ ਅਤੇ ਤੁਹਾਡੀ ਕਮਾਈ ਦੇ ਮਿਲੇ ਜੁਲੇ ਸਹਿਯੋਗ ਨਾਲ ਤੁਸੀਂ ਇੱਕ ਬਹੁਤ ਹੀ ਸੁਖੀ ਜਿੰਦਗੀ ਜੀ ਸਕੋਗੇ . . . ”

“ਓਹ ਨਿਕੋਲਾਈ ਨਿਕੋਲਾਏਵਿਚ , ਤੁਸੀਂ ਕਿਸ ਤਰ੍ਹਾਂ ਦੇ ਵਹਿਣ ਵਿੱਚ ਵਹਿੰਦੇ ਜਾ ਰਹੇ ਹੋ . . . . ”

“ਕਿਉਂ , ਮੈਂ ਤਾਂ ਬਸ ਕਹਿ ਹੀ ਰਿਹਾ ਸੀ . . . ”

ਇੱਕ ਖਾਮੋਸ਼ੀ ਪਸਰ ਗਈ , ਸਟਿਚਕਿਨ ਨੇ ਤੇਜ ਅਵਾਜ ਨਾਲ ਆਪਣੀ ਨੱਕ ਛਿਣਕੀ , ਅਤੇ ਲੁਬੋਵ ਆਪਣੇ ਲਾਲ ਹੋ ਗਏ ਚਿਹਰੇ ਤੋਂ ਲੱਜਾ ਨਾਲ ਉਸ ਵਲ ਦੇਖਦਿਆਂ ਪੁੱਛਣ ਲੱਗੀ :

“ਮਹੀਨੇ ਦਾ ਤੁਹਾਨੂੰ ਕਿੰਨਾ ਮਿਲਦਾ ਹੈ , ਨਿਕੋਲਾਈ ਨਿਕੋਲਾਏਵਿਚ ? ”

“ਕਿਸ ਨੂੰ , ਮੈਨੂੰ ? ਪੰਝੱਤਰ ਰੂਬਲ , ਟਿਪਸ ਨੂੰ ਨਾ ਜੋੜਾਂ ਤਾਂ . . . . ਇਸ ਤੋਂ ਇਲਾਵਾ , ਥੋੜ੍ਹਾ ਬਹੁਤ ਅਸੀਂ ਮੋਮਬੱਤੀਆਂ ਅਤੇ ‘ਖਰਗੋਸ਼ਾਂ’ ਦੇ ਜਰੀਏ ਵੀ ਕਮਾ ਲੈਂਦੇ ਹਾਂ . ”

“ਤੁਹਾਡਾ ਭਾਵ , ਸ਼ਿਕਾਰ ਕਰਕੇ ? ”

“ਓ ਨਹੀਂ , ‘ਖਰਗੋਸ਼’ ਅਸੀਂ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਕਹਿੰਦੇ ਹਾਂ .”

ਇੱਕ ਹੋਰ ਵਕਫਾ ਖਾਮੋਸ਼ੀ ਦੇ ਨਾਲ ਗੁਜ਼ਰ ਗਿਆ . ਸਟਿਚਕਿਨ ਨੇ ਆਪਣਾ ਪੈਰ ਉੱਪਰ ਚੁੱਕ ਲਿਆ ਅਤੇ , ਜਿਵੇਂ ਕਿ ਸਾਫ਼ ਸੀ , ਘਬਰਾਹਟ ਵਿੱਚ ਫਰਸ਼ ਉੱਤੇ ਚਲਾਉਣ ਲਗਾ .

“ਮੈਂ ਪਤਨੀ ਦੇ ਰੂਪ ਵਿੱਚ ਕੋਈ ਨੌਜਵਾਨ ਕੁੜੀ ਨਹੀਂ ਚਾਹੁੰਦਾ , ” ਉਸਨੇ ਕਿਹਾ , “ਮੈਂ ਅਧਖੜ ਉਮਰ ਦਾ ਆਦਮੀ ਹਾਂ , ਅਤੇ ਮੈਨੂੰ ਕਿਸੇ ਅਜਿਹੀ ਔਰਤ ਦੀ ਤਲਾਸ਼ ਹੈ , ਜੋ ਕਾਫ਼ੀ ਹੱਦ ਤੱਕ . . . ਤੁਹਾਡੀ ਤਰ੍ਹਾਂ ਦੀ ਹੋਵੇ . . . ਗੰਭੀਰ ਅਤੇ ਆਤਮਸਨਮਾਨ ਵਾਲੀ . . . ਅਤੇ ਸਰੀਰ ਤੋਂ ਭਰਵੀਂ , ਤੁਹਾਡੇ ਵਰਗੀ . . . ”

“ਰਹਿਮ ਕਰੋ , ਤੁਸੀਂ ਕਿਵੇਂ ਬੋਲੀ ਜਾ ਰਹੇ ਹੋ , ” ਲੁਬੋਵ ਗਰਿਗੋਰੀਏਵਨਾ ਆਪਣੇ ਕਿਰਮਚੀ ਹੋ ਗਏ ਚਿਹਰੇ ਨੂੰ ਰੁਮਾਲ ਨਾਲ ਢਕਦੀ ਹੋਈ ਖਿੜ ਖਿੜ ਹੱਸਣ ਲੱਗੀ.

“ਇਸ ਵਿੱਚ ਇੰਨਾ ਸੋਚਣ ਵਾਲੀ ਕਿਹੜੀ ਗੱਲ ਹੈ ? ਤੇਰੇ ਅੰਦਰ ਇੱਕ ਅਜਿਹੀ ਔਰਤ ਹੈਂ ਜੋ ਮੇਰੇ ਦਿਲ ਨੂੰ ਭਾ ਸਕੇ , ਉਹ ਸਾਰੇ ਗੁਣ ਹਨ ਜੋ ਮੇਰੇ ਲਈ ਸਟੀਕ ਹੋਣ . ਮੈਂ ਇੱਕ ਇਮਾਨਦਾਰ ਅਤੇ ਸੰਜਮੀ ਆਦਮੀ ਹਾਂ , ਅਤੇ ਜੇਕਰ ਤੈਨੂੰ ਵੀ ਪਸੰਦ ਹਾਂ , ਤਾਂ ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ ? ਮੈਨੂੰ ਆਗਿਆ ਦਿਉ ਤੁਹਾਨੂੰ ਆਪਣਾ ਹੱਥ ਸੌਂਪਣ ਦੀ ! ”

ਲੁਬੋਵ ਗਰਿਗੋਰੀਏਵਨਾ ਦੀ ਅੱਖ ਵਿੱਚੋਂ ਖੁਸ਼ੀ ਦਾ ਇੱਕ ਅੱਥਰੂ ਤਿਲਕ ਗਿਆ , ਹਲਕੀ ਜਿਹੇ ਹੱਸੀ , ਅਤੇ ਪ੍ਰਸਤਾਵ ਸਵੀਕਾਰ ਕਰਨ ਵਜੋਂ ਗਲਾਸ ਨਾਲ ਗਲਾਸ ਟਕਰਾਏ .

“ਤਾਂ ਹੁਣ , ” ਹੋਣ ਵਾਲੇ , ਖੁਸ਼ , ਪਤੀ ਨੇ ਕਿਹਾ , “ਮੈਨੂੰ ਦੱਸਣ ਦਿਉ ਕਿ ਮੈਂ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਜੀਵਨ ਦੀ ਆਸ਼ਾ ਕਰਦਾ ਹਾਂ , . . . ਮੈਂ ਇੱਕ ਦ੍ਰਿੜ ਇਨਸਾਨ ਹਾਂ , ਸੰਜਮੀ ਅਤੇ ਈਮਾਨਦਾਰ . ਮੇਰੇ ਕੋਲ ਚੀਜਾਂ ਦੀ ਇੱਕ ਨਿਪੁੰਨ ਸਮਝ ਹੈ , ਮੈਂ ਆਪਣੀ ਹੋਣ ਵਾਲੀ ਪਤਨੀ ਤੋਂ ਵੀ ਉਵੇਂ ਹੀ ਦ੍ਰਿੜਤਾ ਦੀ ਆਸ ਕਰਦਾ ਹਾਂ , ਅਤੇ ਇਸਦੀ ਵੀ ਕਿ ਉਹ ਸਮਝੇ ਕਿ ਮੈਂ ਉਸਨੂੰ ਹਿਫਾਜ਼ਤ ਪ੍ਰਦਾਨ ਕਰਨ ਵਾਲਾ ਅਤੇ ਉਸਦੇ ਲਈ ਦੁਨੀਆਂ ਦਾ ਪਹਿਲਾ ਸ਼ਖਸ ਹਾਂ . ”

ਸਟਿਚਕਿਨ ਇੱਕ ਡੂੰਘਾ ਸਾਹ ਲੈਂਦੇ ਹੋਏ ਬੈਠ ਗਿਆ , ਅਤੇ ਆਪਣੀ ਸ਼ਾਦੀਸ਼ੁਦਾ ਜਿੰਦਗੀ ਅਤੇ ਇੱਕ ਪਤਨੀ ਦੇ ਦਾਇਤਵਾਂ ਬਾਰੇ ਬੇਰੋਕ ਬੋਲਦਾ ਗਿਆ .

Advertisements

About Satdeep ਸਤਦੀਪ ستدیپ

To the world you may be just one person, but to one person you may be the world. Brandi Snyder
This entry was posted in ਪੰਜਾਬੀ پنجابی. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s