ਜੰਗ (ਕਹਾਣੀ) – ਲੁਇਗੀ ਪਿਰਾਂਡੇਲੋ

ਰਾਤ ਵਾਲੀ ਐਕਸਪ੍ਰੈਸ ਟ੍ਰੇਨ ਰਾਹੀਂ ਜੋ ਮੁਸਾਫਰ ਰੋਮ ਲਈ ਚਲੇ ਸਨ ਉਨ੍ਹਾਂ ਨੂੰ ਸਵੇਰ ਤੱਕ ਫੈਬਰਿਆਨੋ ਨਾਮਕ ਇੱਕ ਛੋਟੇ –ਜਿਹੇ ਸਟੇਸ਼ਨ ਉੱਤੇ ਰੁਕਣਾ ਪੈਣਾ ਸੀ । ਉੱਥੋਂ ਉਨ੍ਹਾਂ ਨੂੰ ਮੇਨ ਲਾਈਨ ਨੂੰ ਸੁਮੋਨਾ ਨਾਲ ਜੋੜਨ ਵਾਲੀ ਇੱਕ ਛੋਟੀ , ਪੁਰਾਣੇ ਫ਼ੈਸ਼ਨ ਦੀ ਲੋਕਲ ਟ੍ਰੇਨ ਰਾਹੀਂ ਅੱਗੇ ਆਪਣੀ ਯਾਤਰਾ ਕਰਨੀ ਸੀ ।

ਹੁੰਮਸ ਅਤੇ ਧੂੰਏਂ ਭਰੇ ਸੈਕੰਡ ਕਲਾਸ ਡਿੱਬੇ ਵਿੱਚ ਪੰਜ ਲੋਕਾਂ ਨੇ ਰਾਤ ਕੱਟੀ ਸੀ । ਸਵੇਰੇ ਸੋਗੀ ਕੱਪੜਿਆਂ ਵਿੱਚ ਲਿਪਟੀ ਇੱਕ ਭਾਰੀ – ਭਰਕਮ ਔਰਤ ਤਕਰੀਬਨ ਇੱਕ ਬੇਡੌਲ ਪੰਡ ਦੀ ਤਰ੍ਹਾਂ ਉਸ ਵਿੱਚ ਲੱਦੀ ਗਈ । ਉਸਦੇ ਪਿੱਛੇ ਹਫ਼ਦਾ – ਕਰਾਹੁੰਦਾ ਉਸਦਾ ਪਤੀ ਆਇਆ – ਇੱਕ ਛੋਟਾ , ਦੁਬਲਾ – ਪਤਲਾ ਅਤੇ ਕਮਜੋਰ ਆਦਮੀ । ਉਸਦਾ ਚਿਹਰਾ ਮੌਤ ਦੀ ਤਰ੍ਹਾਂ ਬੱਗਾ ਸੀ । ਅੱਖਾਂ ਛੋਟੀਆਂ ਅਤੇ ਚਮਕਦੀਆਂ । ਦੇਖਣ ਵਿੱਚ ਸ਼ਰਮੀਲਾ ਅਤੇ ਬੇਚੈਨ ।

ਇੱਕ ਸੀਟ ਉੱਤੇ ਬੈਠਣ ਦੇ ਬਾਅਦ ਉਸਨੇ ਉਨ੍ਹਾਂ ਮੁਸਾਫਰਾਂ ਦਾ ਨਿਮਰਤਾ ਭਰਪੂਰ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਪਤਨੀ ਲਈ ਜਗ੍ਹਾ ਬਣਾਈ ਸੀ ਅਤੇ ਉਸਦੀ ਸਹਾਇਤਾ ਕੀਤੀ ਸੀ । ਫਿਰ ਉਹ ਔਰਤ ਵੱਲ ਮੁੜਿਆ ਅਤੇ ਆਪਣੇ ਕੋਟ ਦੇ ਕਾਲਰ ਨੂੰ ਨੀਵਾਂ ਕਰਦੇ ਹੋਏ ਜਾਨਣਾ ਚਾਹਿਆ : “ਤੁਸੀਂ ਠੀਕ ਤਾਂ ਹੋ , ਡੀਅਰ ?”

ਪਤਨੀ ਨੇ ਜਵਾਬ ਦੇਣ ਦੀ ਥਾਂ ਆਪਣਾ ਚਿਹਰਾ ਢਕੀ ਰੱਖਣ ਲਈ ਕੋਟ ਦਾ ਕਾਲਰ ਫੇਰ ਆਪਣੀ ਅੱਖ ਤੱਕ ਖਿੱਚ ਲਿਆ ।

“ ਗੰਦੀ ਦੁਨੀਆਂ ,” ਪਤੀ ਉਦਾਸ ਮੁਸਕਰਾਹਟ ਦੇ ਨਾਲ ਬੁੜਬੁੜਾਇਆ । ਉਸਨੂੰ ਇਹ ਆਪਣਾ ਕਰਤੱਵ ਲਗਾ ਕਿ ਉਹ ਆਪਣੇ ਸਹਿ-ਯਾਤਰੀਆਂ ਨੂੰ ਦੱਸੇ ਕਿ ਬੇਚਾਰੀ ਔਰਤ ਤਰਸ ਦੀ ਪਾਤਰ ਸੀ । ਜੰਗ ਉਸਦੇ ਇਕਲੌਤੇ ਬੇਟੇ ਨੂੰ ਉਸਤੋਂ ਦੂਰ ਲੈ ਜਾ ਰਹੀ ਸੀ । ਵੀਹ ਸਾਲ ਦਾ ਮੁੰਡਾ ਜਿਸਦੇ ਲਈ ਉਨ੍ਹਾਂ ਦੋਨਾਂ ਨੇ ਆਪਣੀ ਪੂਰੀ ਜਿੰਦਗੀ ਝੋਕ ਦਿੱਤੀ ਸੀ । ਇੱਥੇ ਤੱਕ ਕਿ ਉਨ੍ਹਾਂ ਨੇ ਆਪਣਾ ਸੁਲਮੌਨਾ ਵਾਲਾ ਘਰ ਵੀ ਛੱਡ ਦਿੱਤਾ ਸੀ ਤਾਂ ਕਿ ਉਹ ਬੇਟੇ ਦੇ ਨਾਲ ਰੋਮ ਜਾ ਸਕਣ , ਜਿੱਥੇ ਉਹ ਵਿਦਿਆ ਲੈਣ ਗਿਆ ਸੀ । ਅਤੇ ਫਿਰ ਉਸਨੂੰ ਇਸ ਯਕੀਨਦਹਾਨੀ ਦੇ ਨਾਲ ਜੰਗ ਵਿੱਚ ਸਵੈਸੇਵਕ ਬਨਣ ਦੀ ਆਗਿਆ ਦਿੱਤੀ ਗਈ ਸੀ ਕਿ ਘੱਟ ਤੋਂ ਘੱਟ ਛੇ ਮਹੀਨੇ ਤੱਕ ਉਸਨੂੰ ਮੁਹਾਜ ਉੱਤੇ ਨਹੀਂ ਭੇਜਿਆ ਜਾਵੇਗਾ । ਅਤੇ ਹੁਣ ਅਚਾਨਕ ਤਾਰ ਆਇਆ ਹੈ ਕਿ ਉਹ ਆਉਣ ਤੇ ਉਸਨੂੰ ਵਿਦਾ ਕਰਨ , ਕਿ ਉਸਨੇ ਤਿੰਨ ਦਿਨ ਦੇ ਅੰਦਰ ਮੁਹਾਜ ਉੱਤੇ ਜਾਣਾ ਹੈ ।

ਲੰਬੇ ਕੋਟ ਦੇ ਅੰਦਰ ਉਹ ਔਰਤ ਛਟਪਟਾ ਰਹੀ ਸੀ ਅਤੇ ਕਦੇ ਕਦੇ ਜੰਗਲੀ ਪਸ਼ੂ ਦੀ ਤਰ੍ਹਾਂ ਗੁੱਰਰਾ ਰਹੀ ਸੀ । ਪੱਕੇ ਵਿਸ਼ਵਾਸ ਨਾਲ ਕਿ ਇਹ ਸਾਰੀਆਂ ਵਿਆਖਿਆਵਾਂ ਇਨ੍ਹਾਂ ਲੋਕਾਂ ਵਿੱਚ ਲੇਸ ਮਾਤਰ ਹਮਦਰਦੀ ਵੀ ਪੈਦਾ ਨਹੀਂ ਕਰਨਗੀਆਂ – ਉਸਨੂੰ ਲੱਗ ਰਿਹਾ ਸੀ ਕਿ ਉਹ ਵੀ ਉਸੇ ਦਰਦੀ ਭਰੀ ਸਥਿਤੀ ਵਿੱਚ ਸਨ ਜਿਸ ਵਿੱਚ ਉਹ ਖੁਦ ਸੀ । ਉਨ੍ਹਾਂ ਵਿਚੋਂ ਇੱਕ ਵਿਅਕਤੀ , ਜੋ ਖਾਸ ਧਿਆਨ ਨਾਲ ਸੁਣ ਰਿਹਾ ਸੀ , ਬੋਲਿਆ : “ਤੁਹਾਨੂੰ ਖੁਦਾ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ ਕਿ ਤੁਹਾਡਾ ਪੁੱਤਰ ਹੁਣ ਮੁਹਾਜ ਲਈ ਵਿਦਾ ਹੋ ਰਿਹਾ ਹੈ । ਮੇਰਾ ਤਾਂ ਜੰਗ ਦੇ ਪਹਿਲੇ ਹੀ ਦਿਨ ਭੇਜ ਦਿੱਤਾ ਗਿਆ ਸੀ । ਉਹ ਦੋ ਵਾਰ ਜਖਮੀ ਹੋ ਕੇ ਪਰਤ ਆਇਆ । ਠੀਕ ਹੋਣ ਤੇ ਫਿਰ ਤੋਂ ਉਸਨੂੰ ਮੁਹਾਜ ਉੱਤੇ ਭੇਜ ਦਿੱਤਾ ਗਿਆ ਹੈ ।”

“ ਮੈਨੂੰ ਦੇਖੋ ? ਮੇਰੇ ਦੋ ਬੇਟੇ ਅਤੇ ਤਿੰਨ ਭਤੀਜੇ ਮੁਹਾਜ ਉੱਤੇ ਹਨ ,” ਇੱਕ ਹੋਰ ਆਦਮੀ ਨੇ ਕਿਹਾ ।

“ਹੋ ਸਕਦਾ ਹੈ , ਪਰ ਸਾਡੀ ਸਥਿਤੀ ਭਿੰਨ ਹੈ । ਸਾਡਾ ਕੇਵਲ ਇੱਕ ਪੁੱਤਰ ਹੈ ,” ਪਤੀ ਨੇ ਗੱਲ ਅੱਗੇ ਤੋਰੀ ।

“ਇਸ ਨਾਲ ਕੀ ਫਰਕ ਪੈਂਦਾ ਹੈ ? ਭਲੇ ਹੀ ਤੁਸੀਂ ਆਪਣੇ ਇਕਲੌਤੇ ਬੇਟੇ ਨੂੰ ਜ਼ਿਆਦਾ ਲਾਡ – ਪਿਆਰ ਨਾਲ ਵਿਗਾੜ ਲਉ ਪਰ ਤੁਸੀਂ ਉਸਨੂੰ ਆਪਣੇ ਬਾਕੀ ਬੇਟਿਆਂ ( ਜੇਕਰ ਹੋਣ ) ਤੋਂ ਜ਼ਿਆਦਾ ਪਿਆਰ ਤਾਂ ਕਰੋਂਗੇ ਨਹੀਂ ? ਪਿਆਰ ਕੋਈ ਰੋਟੀ ਨਹੀਂ ਜਿਸਨੂੰ ਬੁਰਕੀ ਬੁਰਕੀ ਸਭਨਾਂ ਵਿੱਚ ਬਰਾਬਰ – ਬਰਾਬਰ ਵੰਡਿਆ ਜਾ ਸਕੇ । ਇੱਕ ਪਿਤਾ ਆਪਣਾ ਕੁਲ ਪਿਆਰ ਆਪਣੇ ਹਰੇਕ ਬੱਚੇ ਨੂੰ ਦਿੰਦਾ ਹੈ । ਬਿਨਾਂ ਭੇਦਭਾਵ ਦੇ । ਚਾਹੇ ਇੱਕ ਹੋਵੇ ਜਾਂ ਦਸ । ਤੇ ਅੱਜ ਮੈਂ ਆਪਣੇ ਦੋਨਾਂ ਬੇਟਿਆਂ ਲਈ ਦੁਖੀ ਹਾਂ । ਉਨ੍ਹਾਂ ਲਈ ਅੱਧਾ ਅੱਧਾ ਦੁਖੀ ਨਹੀਂ ਹਾਂ । ਸਗੋਂ ਦੁਗੁਣਾ . . .”

“ਸੱਚ ਹੈ . . . ਸੱਚ ਹੈ,” ਪਤੀ ਨੇ ਸ਼ਰਮਿੰਦਾ ਹੁੰਦਿਆਂ ਆਹ ਭਰੀ । “ਲੇਕਿਨ ਮੰਨ ਲਉ ( ਹਾਲਾਂਕਿ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਤੁਹਾਡੇ ਨਾਲ ਕਦੇ ਨਾ ਹੋਵੇ ) ਇੱਕ ਪਿਤਾ ਦੇ ਦੋ ਬੇਟੇ ਮੁਹਾਜ ਉੱਤੇ ਹਨ ਅਤੇ ਉਨ੍ਹਾਂ ਵਿਚੋਂ ਇੱਕ ਮਰ ਜਾਂਦਾ ਹੈ । ਫਿਰ ਵੀ ਇੱਕ ਤਾਂ ਬੱਚ ਗਿਆ । ਉਸਨੂੰ ਦਿਲਾਸਾ ਦੇਣ ਨੂੰ । ਲੇਕਿਨ ਜੋ ਪੁੱਤਰ ਬੱਚ ਗਿਆ ਹੈ , ਉਸਦੇ ਲਈ ਉਸਨੂੰ ਜ਼ਰੂਰ ਜੀਣਾ ਚਾਹੀਦਾ ਹੈ । ਜਦੋਂ ਕਿ ਇੱਕਲੌਤੇ ਬੇਟੇ ਦੇ ਮਾਮਲੇ ਵਿੱਚ ਜੇਕਰ ਪੁੱਤਰ ਮਰਦਾ ਹੈ ਤਾਂ ਪਿਤਾ ਵੀ ਨਾਲ ਹੀ ਮਰ ਸਕਦਾ ਹੈ । ਆਪਣੀ ਪੀੜ ਨੂੰ ਖ਼ਤਮ ਕਰ ਸਕਦਾ ਹੈ । ਦੋਨਾਂ ਵਿੱਚੋਂ ਕਿਹੜੀ ਸਥਿਤੀ ਵੱਧ ਭੈੜੀ ਹੈ ?”

“ ਤੈਨੂੰ ਨਹੀਂ ਦਿਖਦਾ ਮੇਰੀ ਹਾਲਤ ਤੁਹਾਡੇ ਤੋਂ ਵੱਧ ਭੈੜੀ ਹੈ ?”

ਬਕਵਾਸ , ਇੱਕ ਹੋਰ ਮੁਸਾਫਿਰ ਨੇ ਦਖਲ ਦਿੱਤਾ । ਇੱਕ ਮੋਟੇ ਲਾਲ ਮੂੰਹ ਵਾਲੇ ਆਦਮੀ ਨੇ ਜਿਸਦੀਆਂ ਪੀਲੀਆਂ – ਭੂਰੀਆਂ ਅੱਖਾਂ ਖੂਨ ਦੀ ਤਰ੍ਹਾਂ ਲਾਲ ਸਨ ।

ਉਹ ਹੌਂਕ ਰਿਹਾ ਸੀ । ਉਸਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ , ਜੋ ਉਸ ਅੰਦਰ ਖੌਲਦੇ ਭਿਅੰਕਰ ਤੂਫਾਨ ਨੂੰ ਵੇਗ ਨਾਲ ਉੱਗਲ ਦੇਣ ਲਈ ਬੇਚੈਨ ਲੱਗ ਰਹੀਆਂ ਸਨ , ਜਿਸ ਨੂੰ ਉਸਦਾ ਕਮਜੋਰ ਸਰੀਰ ਮੁਸ਼ਕਲ ਨਾਲ ਸਾਂਭ ਸਕਦਾ ਸੀ ।

“ਬਕਵਾਸ ,” ਉਸਨੇ ਮੂੰਹ ਨੂੰ ਹੱਥ ਨਾਲ ਢਕਦੇ ਹੋਏ ਦੁਹਰਾਇਆ ਤਾਂ ਜੋ ਆਪਣੇ ਮੂਹਰਲੇ ਦੋ ਨਿਕਲੇ ਹੋਏ ਦੰਦਾਂ ਨੂੰ ਲੁਕੋ ਸਕੇ ।

“ਬਕਵਾਸ । ਕੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਫ਼ਾਇਦੇ ਲਈ ਜੀਵਨ ਦਿੰਦੇ ਹਾਂ ? ”

ਦੂਜੇ ਮੁਸਾਫਰਾਂ ਨੇ ਉਸ ਵੱਲ ਕਸ਼ਟ ਨਾਲ ਵੇਖਿਆ । ਜਿਸਦਾ ਪੁੱਤਰ ਪਹਿਲੇ ਦਿਨ ਤੋਂ ਜੰਗ ਵਿੱਚ ਸੀ , ਉਸਨੇ ਲੰਮੀ ਸਾਹ ਲਈ , “ ਤੁਸੀਂ ਠੀਕ ਕਹਿੰਦੇ ਹੋ । ਸਾਡੇ ਬੱਚੇ ਸਾਡੇ ਨਹੀਂ ; ਉਹ ਦੇਸ਼ ਦੇ ਨੇ . . . ।

“ਬਕਵਾਸ ,” ਮੋਟੇ ਮੁਸਾਫਰ ਨੇ ਮੋੜਵਾਂ ਜਵਾਬ ਦਿੱਤਾ ।

“ਕੀ ਅਸੀਂ ਦੇਸ਼ ਦੇ ਵਿਸ਼ੇ ਵਿੱਚ ਸੋਚ ਰਹੇ ਹੁੰਦੇ ਹਾਂ ਜਦੋਂ ਅਸੀਂ ਬੱਚਿਆਂ ਨੂੰ ਜੀਵਨ ਦਿੰਦੇ ਹਾਂ ? ਸਾਡੇ ਬੇਟੇ ਪੈਦਾ ਹੁੰਦੇ ਹਨ . . . ਕਿਉਂਕਿ . . . ਕਿਉਂਕਿ . . . ਖੈਰ । ਉਹ ਜਰੂਰ ਪੈਦਾ ਹੋਣੇ ਚਾਹੀਦੇ ਹਨ । ਜਦੋਂ ਉਹ ਦੁਨੀਆਂ ਵਿੱਚ ਆਉਂਦੇ ਹਨ ਸਾਡੀ ਜਿੰਦਗੀ ਵੀ ਉਨ੍ਹਾਂ ਦੀ ਹੋ ਜਾਂਦੀ ਹੈ । ਇਹੀ ਸੱਚ ਹੈ । ਅਸੀਂ ਉਨ੍ਹਾਂ ਦੇ ਹੁੰਦੇ ਹਾਂ ਪਰ ਉਹ ਕਦੇ ਸਾਡੇ ਨਹੀਂ ਹੁੰਦੇ । ਅਤੇ ਜਦੋਂ ਉਹ ਵੀਹ ਦੇ ਹੁੰਦੇ ਹਨ ਫਿਰ ਉਹ ਠੀਕ ਉਹੋ ਜਿਹੇ ਹੀ ਹੁੰਦੇ ਨੇ ਜਿਹੋ ਜਿਹੇ ਅਸੀਂ ਸੀ ਉਸ ਉਮਰ ਵਿੱਚ । ਸਾਡੇ ਵੀ ਪਿਤਾ ਸਨ ਅਤੇ ਮਾਂ ਸੀ । ਲੇਕਿਨ ਉਸਦੇ ਨਾਲ ਹੀ ਬਹੁਤ ਹੋਰ ਚੀਜਾਂ ਵੀ ਸਨ ਜਿਵੇਂ – ਕੁੜੀਆਂ , ਸਿਗਰਟ , ਭਰਮ ਭੁਲੇਖੇ , ਨਵੇਂ ਰਿਸ਼ਤੇ . . . ਅਤੇ ਹਾਂ , ਦੇਸ਼ । ਜਿਸਦੇ ਸੱਦੇ ਦਾ ਅਸੀਂ ਹੁੰਗਾਰਾ ਭਰਿਆ ਹੁੰਦਾ – ਜਦੋਂ ਅਸੀਂ ਵੀਹ ਦੇ ਸਾਂ – ਜੇਕਰ ਮਾਤਾ – ਪਿਤਾ ਨੇ ਮਨਾ ਕੀਤਾ ਹੁੰਦਾ , ਫਿਰ ਵੀ । ਹੁਣ ਸਾਡੀ ਉਮਰ ਵਿੱਚ , ਹਾਲਾਂਕਿ ਦੇਸ਼ ਪ੍ਰੇਮ ਅਜੇ ਵੀ ਬਹੁਤ ਹੈ , ਲੇਕਿਨ ਉਸ ਤੋਂ ਵੀ ਜ਼ਿਆਦਾ ਤਕੜਾ ਹੈ ਸਾਡਾ ਆਪਣੇ ਬੱਚਿਆਂ ਨਾਲ ਪਿਆਰ । ਕੀ ਇੱਥੇ ਕੋਈ ਅਜਿਹਾ ਹੈ ਜੋ ਮੁਹਾਜ ਉੱਤੇ ਖੁਸ਼ੀ ਨਾਲ ਆਪਣੇ ਬੇਟੇ ਦੀ ਜਗ੍ਹਾ ਨਹੀਂ ਲੈਣਾ ਚਾਹੇਗਾ ?”

ਚਾਰੇ ਪਾਸੇ ਸੱਨਾਟਾ ਛਾ ਗਿਆ । ਸਭ ਨੇ ਸਹਿਮਤੀ ਵਿੱਚ ਸਿਰ ਹਿਲਾਇਆ ।

“ਕਿਉਂ . . .” ਮੋਟੇ ਆਦਮੀ ਨੇ ਕਹਿਣਾ ਜਾਰੀ ਰੱਖਿਆ । “ਕਿਉਂ ਅਸੀਂ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਜਦੋਂ ਉਹ ਵੀਹ ਸਾਲ ਦੇ ਹਨ ? ਕੀ ਇਹ ਕੁਦਰਤੀ ਨਹੀਂ ਹੈ ਕਿ ਉਹ ਹਮੇਸ਼ਾ ਦੇਸ਼ ਲਈ ਜ਼ਿਆਦਾ ਪ੍ਰੇਮ ਰੱਖਣ , ਆਪਣੇ ਲਈ ਪ੍ਰੇਮ ਤੋਂ ਜ਼ਿਆਦਾ ( ਹਾਲਾਂਕਿ , ਮੈਂ ਕੁਲੀਨ ਮੁੰਡਿਆਂ ਦੀ ਗੱਲ ਕਰ ਰਿਹਾ ਹਾਂ ) ? ਕੀ ਇਹ ਸੁਭਾਵਕ ਨਹੀਂ ਕਿ ਅਜਿਹਾ ਹੀ ਹੋਵੇ ? ਕੀ ਉਨ੍ਹਾਂ ਨੂੰ ਸਾਨੂੰ ਬੁੱਢਿਆਂ ਦੇ ਰੂਪ ਵਿੱਚ ਵੇਖਣਾ ਚਾਹੀਦਾ ਹੈ ਜਿਹੜੇ ਹੁਣ ਚੱਲ – ਫਿਰ ਨਹੀਂ ਸਕਦੇ ਅਤੇ ਜਿਨ੍ਹਾਂ ਨੂੰ ਘਰ ਹੀ ਰਹਿਣਾ ਚਾਹੀਦਾ ਹੈ ? ਜੇਕਰ ਦੇਸ਼ , ਜੇਕਰ ਦੇਸ਼ ਇੱਕ ਕੁਦਰਤੀ ਲੋੜ ਹੈ , ਜਿਵੇਂ ਰੋਟੀ , ਜਿਸਨੂੰ ਅਸੀਂ ਸਾਰਿਆ ਨੇ ਭੁੱਖ ਨਾਲ ਨਾ ਮਰਨ ਲਈ ਜ਼ਰੂਰ ਖਾਣਾ ਹੈ , ਤਾਂ ਕਿਸੇ ਨੂੰ ਦੇਸ਼ ਦੀ ਸੁਰੱਖਿਆ ਜ਼ਰੂਰ ਕਰਨੀ ਚਾਹੀਦੀ ਹੈ । ਤੇ ਸਾਡੇ ਬੇਟੇ ਜਾਂਦੇ ਹਨ ਜਦੋਂ ਉਹ ਵੀਹ ਬਰਸ ਦੇ ਹਨ । ਅਤੇ ਉਹ ਅੱਥਰੂ ਕੇਰੇ ਜਾਣਾ ਨਹੀਂ ਚਾਹੁੰਦੇ । ਕਿਉਂਕਿ ਜੇਕਰ ਉਹ ਮਰ ਗਏ ਤਾਂ ਉਹ ਹੰਕਾਰੀ ਅਤੇ ਖੁਸ਼ ਮਰਨ ( ਮੈਂ ਚੰਗੇ ਮੁੰਡਿਆਂ ਦੀ ਗੱਲ ਕਰ ਰਿਹਾ ਹਾਂ ) । ਹੁਣ ਜੇਕਰ ਕੋਈ ਜਵਾਨ ਅਤੇ ਖੁਸ਼ ਮਰਦਾ ਹੈ , ਬਿਨਾਂ ਜਿੰਦਗੀ ਦੇ ਕੁਰੂਪ ਪਹਿਲੂ ਵੇਖੇ । ਅਕੇਵੇਂ , ਨੀਚਤਾ ਅਤੇ ਘਬਰਾਹਟ ਦੀ ਕੁੜੱਤਣ ਦੇ ਬਿਨਾਂ . . . ਇਸ ਤੋਂ ਜ਼ਿਆਦਾ ਅਸੀਂ ਉਨ੍ਹਾਂ ਦੇ ਲਈ ਕੀ ਕਾਮਨਾ ਕਰ ਸਕਦੇ ਹਾਂ ? ਸਾਰਿਆ ਨੂੰ ਰੋਣਾ ਬੰਦ ਕਰਨਾ ਚਾਹੀਦਾ ਹੈ । ਸਾਰਿਆ ਨੂੰ ਹੱਸਣਾ ਚਾਹੀਦਾ ਹੈ , ਜਿਵੇਂ ਕਿ ਮੈਂ ਕਰਦਾ ਹਾਂ . . . ਜਾਂ ਘੱਟ – ਵਲੋਂ – ਘੱਟ ਖੁਦਾ ਦਾ ਧੰਨਵਾਦ ਅਦਾ ਕਰਨਾ ਚਾਹੀਦਾ ਹੈ . . . ਜਿਵੇਂ ਕਿ ਮੈਂ ਕਰਦਾ ਹਾਂ , – ਕਿਉਂਕਿ ਮੇਰਾ ਪੁੱਤਰ , ਮਰਨ ਦੇ ਪਹਿਲਾਂ ਉਸਨੇ ਮੈਨੂੰ ਸੁਨੇਹਾ ਭੇਜਿਆ ਸੀ ਕਿ ਸਰਵੋਤਮ ਤਰੀਕੇ ਨਾਲ ਉਸਦੇ ਜੀਵਨ ਦਾ ਅੰਤ ਹੋ ਰਿਹਾ ਹੈ । ਉਸਨੇ ਸੁਨੇਹਾ ਭੇਜਿਆ ਸੀ ਕਿ ਇਸਤੋਂ ਚੰਗੀ ਮੌਤ ਉਸਨੂੰ ਨਹੀਂ ਮਿਲ ਸਕਦੀ । ਇਸ ਲਈ ਤੁਸੀਂ ਵੇਖੋ , ਮੈਂ ਸੋਗੀ ਕੱਪੜੇ ਵੀ ਨਹੀਂ ਪਹਿਨਦਾ ਹਾਂ . . .

ਉਸਨੇ ਭੂਰੇ ਕੋਟ ਨੂੰ ਵਿਖਾਉਣ ਲਈ ਝਾੜਿਆ । ਉਸਦੇ ਟੁੱਟੇ ਦੰਦਾਂ ਦੇ ਉੱਤੇ ਉਸਦਾ ਨੀਲਾ ਬੁਲ੍ਹ ਕੰਬ ਰਿਹਾ ਸੀ । ਉਸਦੀਆਂ ਅੱਖਾਂ ਸੇਜਲ ਅਤੇ ਬੇਹਰਕਤ ਸਨ । ਉਸਨੇ ਇੱਕ ਤਿੱਖੀ ਹਾਸੀ ਨਾਲ ਗੱਲ ਖ਼ਤਮ ਕੀਤੀ ਜੋ ਇੱਕ ਸਿਸਕੀ ਵੀ ਹੋ ਸਕਦੀ ਸੀ ।

ਅਜਿਹਾ ਹੀ ਹੈ . . . ਅਜਿਹਾ ਹੀ ਹੈ . . . ਦੂਜੇ ਉਸ ਨਾਲ ਸਹਿਮਤ ਹੋਏ ।

ਔਰਤ ਜੋ ਕੋਨੇ ਵਿੱਚ ਆਪਣੇ ਕੋਟ ਦੇ ਹੇਠਾਂ ਗਠੜੀ ਜਿਹੀ ਬਣੀ ਬੈਠੀ ਸੀ , ਸੁਣ ਰਹੀ ਸੀ – ਪਿਛਲੇ ਤਿੰਨ ਮਹੀਨਿਆਂ ਤੋਂ – ਆਪਣੇ ਪਤੀ ਅਤੇ ਦੋਸਤਾਂ ਦੇ ਸ਼ਬਦਾਂ ਤੋਂ ਆਪਣੇ ਡੂੰਘੇ ਦੁਖ ਲਈ ਹਮਦਰਦੀ ਭਾਲ ਰਹੀ ਸੀ । ਕੁੱਝ ਜੋ ਉਸਨੂੰ ਦਿਖਾਏ ਕਿ ਇੱਕ ਮਾਂ ਕਿਵੇਂ ਢਾਰਸ ਰੱਖੇ ਜੋ ਆਪਣੇ ਬੇਟੇ ਨੂੰ ਮੌਤ ਲਈ ਨਹੀਂ , ਇੱਕ ਖਤਰਨਾਕ ਜਿੰਦਗੀ ਲਈ ਭੇਜ ਰਹੀ ਹੈ । ਬਹੁਤ ਸਾਰੇ ਸ਼ਬਦ ਜੋ ਉਸ ਨੂੰ ਕਹੇ ਗਏ ਉਨ੍ਹਾਂ ਵਿਚੋਂ ਉਸਨੂੰ ਇੱਕ ਵੀ ਸ਼ਬਦ ਅਜਿਹਾ ਨਹੀਂ ਮਿਲਿਆ ਸੀ . . . ਅਤੇ ਉਸਦਾ ਕਸ਼ਟ ਵੱਧ ਗਿਆ ਸੀ । ਇਹ ਵੇਖ ਕੇ ਕਿ ਕੋਈ – ਜਿਵੇਂ ਕਿ ਉਹ ਸੋਚਦੀ ਸੀ – ਉਸਦਾ ਦੁਖ ਵੰਡ ਨਹੀਂ ਸਕਦਾ ।

ਲੇਕਿਨ ਹੁਣ ਇਸ ਮੁਸਾਫਰ ਦੇ ਸ਼ਬਦਾਂ ਨੇ ਉਸਨੂੰ ਹੈਰਾਨ ਕਰ ਦਿੱਤਾ ਸੀ । ਉਸਨੂੰ ਅਚਾਨਕ ਪਤਾ ਚਲਾ ਕਿ ਦੂਜੇ ਗਲਤ ਨਹੀਂ ਸਨ ਅਤੇ ਅਜਿਹਾ ਨਹੀਂ ਸੀ ਕਿ ਉਸਨੂੰ ਨਹੀਂ ਸਮਝ ਸਕੇ ਸਨ । ਸਗੋਂ ਉਹ ਆਪਣੇ ਆਪ ਹੀ ਨਹੀਂ ਸਮਝ ਸਕੀ ਸੀ । ਉਨ੍ਹਾਂ ਮਾਤਾ – ਪਿਤਾ ਨੂੰ ਜੋ ਬਿਨਾਂ ਰੋਏ ਨਹੀਂ ਕੇਵਲ ਆਪਣੇ ਬੇਟਿਆਂ ਨੂੰ ਵਿਦਾ ਕਰਦੇ ਹਨ ਸਗੋਂ ਉਨ੍ਹਾਂ ਦੀ ਮੌਤ ਨੂੰ ਵੀ ਬਿਨਾਂ ਰੋਏ ਸਹਿਣ ਕਰਦੇ ਹਨ ।

ਉਸਨੇ ਆਪਣਾ ਸਿਰ ਉਪਰ ਚੁੱਕਿਆ । ਉਹ ਥੋੜ੍ਹਾ ਅੱਗੇ ਝੁਕ ਗਈ ਤਾਂਕਿ ਮੋਟੇ ਮੁਸਾਫਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਸਕੇ । ਜੋ ਆਪਣੇ ਰਾਜੇ ਅਤੇ ਆਪਣੇ ਦੇਸ਼ ਲਈ ਖੁਸ਼ੀ ਨਾਲ ਆਪਣੇ ਬੇਟੇ ਦੇ , ਬਿਨਾਂ ਪਛਤਾਵੇ ਦੇ ਵੀਰਗਤੀ ਪਾਉਣ ਦਾ ਆਪਣੇ ਸਾਥੀਆਂ ਕੋਲ ਵਿਸਥਾਰ ਨਾਲ ਵਰਣਨ ਕਰ ਰਿਹਾ ਸੀ । ਉਸਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਇੱਕ ਅਜਿਹੀ ਦੁਨੀਆਂ ਵਿੱਚ ਪਹੁੰਚ ਗਈ ਹੈ ਜਿਸਦਾ ਉਸਨੇ ਸੁਪਨਾ ਵੀ ਨਹੀਂ ਵੇਖਿਆ ਸੀ – ਉਸਦੇ ਲਈ ਇੱਕ ਅਣਜਾਣੀ ਦੁਨੀਆਂ ਅਤੇ ਉਹ ਇਹ ਸੁਣ ਕੇ ਖੁਸ਼ ਸੀ ਕਿ ਉਸ ਬਹਾਦੁਰ ਪਿਤਾ ਨੂੰ ਸਭ ਲੋਕ ਵਧਾਈ ਦੇ ਰਹੇ ਸਨ । ਉਹਨੇ ਇੰਨੇ ਉਦਾਸੀਨ ਸੰਜਮ ਨਾਲ ਆਪਣੇ ਬੱਚੇ ਦੀ ਮੌਤ ਸੰਬੰਧੀ ਦੱਸ ਰਿਹਾ ਸੀ ।

ਅਤੇ ਫਿਰ ਅਚਾਨਕ ਜਿਵੇਂ ਜੋ ਕਿਹਾ ਗਿਆ ਸੀ ਉਸਦਾ ਇੱਕ ਸ਼ਬਦ ਵੀ ਉਸਨੇ ਨਾ ਸੁਣਿਆ ਹੋਵੇ , ਜਿਵੇਂ ਉਹ ਉਹ ਕਿਸੇ ਸੁਪਨੇ ਤੋਂ ਜਾਗੀ ਹੋਵੇ – ਉਹ ਉਸ ਬੁਢੇ ਆਦਮੀ ਵੱਲ ਮੁੜੀ ਅਤੇ ਉਸਨੇ ਪੁੱਛਿਆ , “ ਤਾਂ ਫਿਰ . . . ਕੀ ਤੁਹਾਡਾ ਪੁੱਤਰ ਸੱਚਮੁਚ ਮਰ ਗਿਆ ਹੈ ?”

ਸਭ ਨੇ ਉਸਨੂੰ ਘੂਰਿਆ । ਬੁੱਢਾ ਵੀ ਘੁੰਮ ਕੇ ਆਪਣੀ ਬਾਹਰ ਨੂੰ ਨਿਕਲੀਆਂ , ਭਿਆਨਕ ਸੇਜਲ , ਹਲਕੀਆਂ – ਭੂਰੀਆਂ ਅੱਖਾਂ ਨੂੰ ਉਸਦੇ ਚਿਹਰੇ ਉੱਤੇ ਗੱਡਦੇ ਹੋਏ ਉਸਨੂੰ ਦੇਖਣ ਲਗਾ । ਥੋੜ੍ਹੀ ਦੇਰ ਉਸਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ । ਲੇਕਿਨ ਸ਼ਬਦਾਂ ਨੇ ਉਸਦਾ ਸਾਥ ਨਹੀਂ ਦਿੱਤਾ । ਉਹ ਉਸਨੂੰ ਵੇਖਦਾ ਗਿਆ । ਵੇਖਦਾ ਗਿਆ । ਜਿਵੇਂ ਕੇਵਲ ਹੁਣੇ – ਉਸ ਮੂਰਖ , ਬੇਤੁਕੇ ਪ੍ਰਸ਼ਨ ਨਾਲ – ਉਸਨੂੰ ਅਚਾਨਕ ਰੋਸ਼ਨੀ ਹੋਈ ਕਿ ਉਸਦਾ ਪੁੱਤਰ ਸੱਚਮੁਚ ਮਰ ਚੁੱਕਿਆ ਹੈ – ਹਮੇਸ਼ਾ ਲਈ ਜਾ ਚੁੱਕਿਆ ਹੈ – ਹਮੇਸ਼ਾ ਲਈ …ਉਸਦਾ ਚਿਹਰਾ ਸਿਕੁੜ ਗਿਆ , ਬੁਰੀ ਤਰ੍ਹਾਂ ਨਾਲ ਬੇਢੰਗਾ ਹੋ ਗਿਆ । ਫਿਰ ਉਸਨੇ ਤੇਜੀ ਨਾਲ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਅਤੇ ਸਭ ਲਈ ਅਚਰਜਜਨਕ ਹਿਰਦਾ ਦਹਿਲਾਉਣ ਵਾਲੀ ਚੀਖ ਦੇ ਨਾਲ ਫੁੱਟ ਫੁੱਟ ਕੇ ਹੁਬਕੀਂ ਰੋਣ ਲੱਗ ਪਿਆ ।

Advertisements

About Satdeep ਸਤਦੀਪ ستدیپ

To the world you may be just one person, but to one person you may be the world. Brandi Snyder
This entry was posted in ਪੰਜਾਬੀ پنجابی. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s